ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਜੁਲਾਈ
ਮੁਹਾਲੀ ਨਗਰ ਨਿਗਮ ਦੀ ਅਣਦੇਖੀ ਦੇ ਚੱਲਦਿਆਂ ਸ਼ਹਿਰ ਦੇ ਕਈ ਪਾਰਕਾਂ ਵਿੱਚ ਫੁੱਲ-ਬੂਟਿਆਂ ਦੀ ਥਾਂ ਕਾਂਗਰਸ ਘਾਹ ਅਤੇ ਜੰਗਲੀ ਬੂਟੀ ਉੱਗੀ ਹੋਈ ਹੈ। ‘ਆਪ’ ਵਾਲੰਟੀਅਰਾਂ ਅਤੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਇਹ ਮੁੱਦਾ ਚੁੱਕਦੇ ਹੋਏ ਦੱਸਿਆ ਕਿ ਇੱਥੋਂ ਦੇ ਸੈਕਟਰ-77 ਤੋਂ 80 ਦੇ ਪਾਰਕਾਂ ਦੀ ਹਾਲਤ ਬਦਤਰ ਬਣੀ ਹੋਈ ਹੈ। ਜਿਨ੍ਹਾਂ ਦੀ ਸੰਭਾਲ ਲਈ ਨਗਰ ਨਿਗਮ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਕਈ ਵਾਰ ਨਿਗਮ ਅਧਿਕਾਰੀਆਂ ਨੂੰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਪਾਰਕਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ ਹੈ।
ਸਾਬਕਾ ਕੌਂਸਲਰ ਨੇ ਦੱਸਿਆ ਕਿ ਇਨ੍ਹਾਂ ਸੈਕਟਰਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਪਾਰਕਾਂ ਦਾ ਐਨਾ ਮਾੜਾ ਹਾਲ ਹੈ ਕਿ ਲੋਕ ਪਾਰਕਾਂ ਵਿੱਚ ਜਾਣ ਤੋਂ ਵੀ ਡਰ ਰਹੇ ਹਨ। ਅੱਜ ਇਨ੍ਹਾਂ ਪਾਰਕਾਂ ਵਿੱਚ ਵੱਡੇ ਪੱਧਰ ’ਤੇ ਕਾਂਗਰਸ ਘਾਹ ਅਤੇ ਜੰਗਲ ਬੂਟੀ ਦੀ ਭਰਮਾਰ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਪਾਰਕਾਂ ਵਿੱਚ ਬੈਂਚ ਅਤੇ ਕਈ ਥਾਵਾਂ ਤੋਂ ਗੇਟ ਟੁੱਟ ਚੁੱਕੇ ਹਨ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਪਾਰਕਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਸਾਫ਼-ਸਫ਼ਾਈ ਅਤੇ ਟੁੱਟੇ ਬੈਂਚਾਂ ਦੀ ਥਾਂ ਨਵੇਂ ਬੈਂਚ ਅਤੇ ਬੱਚਿਆਂ ਦੇ ਖੇਡਣ ਲਈ ਨਵੇਂ ਝੁੱਲੇ ਲਾਏ ਜਾਣ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਟੈਂਡਰ ਨਾ ਹੋਣ ਕਾਰਨ ਪਾਰਕਾਂ ਦੇ ਰੱਖ-ਰਖਾਓ ਦਾ ਕੰਮ ਰੁਕਿਆ ਹੋਇਆ ਸੀ ਪਰ ਹੁਣ ਨਗਰ ਨਿਗਮ ਵੱਲੋਂ ਇਨ੍ਹਾਂ ਦੇ ਪਾਰਕਾਂ ਦੇ ਕੰਮ ਦਾ ਟੈਂਡਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੈਕਟਰ-77 ਤੋਂ 80 ਦੇ ਪਾਰਕਾਂ ਸਮੇਤ ਸ਼ਹਿਰ ਹੋਰਨਾਂ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ।