ਪੱਤਰ ਪ੍ਰੇਰਕ
ਚੰਡੀਗੜ੍ਹ, 4 ਅਕਤੂਬਰ
ਪੰਜਾਬ ਯੂਨੀਵਰਸਿਟੀ ਦੇ ਤਿੰਨ ਭਾਸ਼ਾ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਵੈਬਿਨਾਰ ਕਰਵਾਇਆ ਗਿਆ, ਜੋ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਸੀ। ‘ਨਵੀਂ ਸਿੱਖਿਆ ਨੀਤੀ ਤੇ ਭਾਰਤੀ ਭਾਸ਼ਾਵਾਂ’ ਵਿਸ਼ੇ ’ਤੇ ਕਰਵਾਏ ਗਏ ਇਸ ਵੈਬਿਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਕਿਹਾ ਕਿ ਹਰ ਭਾਰਤੀ ਭਾਸ਼ਾ ਵਿੱਚ ਗਿਆਨ ਅਤੇ ਸੰਸਕ੍ਰਿਤੀ ਦਾ ਅਸੀਮ ਭੰਡਾਰ ਹੈ। ਇਸ ਕਰ ਕੇ ਸਾਰੀਆਂ ਭਾਸ਼ਾਵਾਂ ਨੂੰ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਕੇਐੱਮਸੀ ਯੂਨੀਵਰਸਿਟੀ ਲਖਨਊ ਦੇ ਉਪ-ਕੁਲਪਤੀ ਮਾਹਰੂਖ ਮਿਰਜ਼ਾ ਨੇ ਕਿਹਾ ਕਿ ਇਸ ਨਾਲ ਸਿੱਖਿਅਕਾਂ ਨੂੰ ਹੋਰ ਵੀ ਮਿਹਨਤ ਤੇ ਜ਼ਿੰਮੇਵਾਰੀ ਨਾਲ ਚੱਲਣਾ ਪਵੇਗਾ। ਪ੍ਰੋ. ਸੁਧੀਰ ਪ੍ਰਤਾਪ ਸਿੰਘ (ਜੇਐੱਨਯੂ) ਨੇ ਕਿਹਾ ਕਿ ਭਾਸ਼ਾਵਾਂ ਨੂੰ ਬਚਾਉਣ ਦੀ ਪ੍ਰਤੀਬੱਧਤਾ ਨਵੀਂ ਸਿੱਖਿਆ ਨੀਤੀ ਵਿੱਚ ਹੈ, ਪਰ ਯੂਨੀਵਰਸਿਟੀਆਂ ਨੂੰ ਸਿਲੇਬਸ ਬਣਾਉਣ ਲੱਗਿਆਂ ਤਿੰਨ ਭਾਸ਼ਾਈ ਨੁਕਤੇ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਜੋਗਾ ਸਿੰਘ ਨੇ ਕਿਹਾ ਕਿ ਹਰ ਭਾਸ਼ਾ ਆਪਣੇ ਆਪ ਵਿੱਚ ਮੁਕੰਮਲ ਹੁੰਦੀ ਹੈ ਤੇ ਅੱਜ ਦੇ ਸਮੇਂ ਵਿੱਚ ਬਹੁਤ ਭਾਸ਼ਾਈ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਗਰੇਜ਼ੀ ਦੀ ਧਾਕ ਤਾਂ ਹੀ ਖ਼ਤਮ ਹੋਵੇਗੀ, ਜਦੋਂ ਮਾਤ-ਭਾਸ਼ਾ ਨੂੰ ਲਾਗੂ ਕਰਵਾਉਣ ਸਬੰਧੀ ਕਾਨੂੰਨ ਬਣਾਇਆ ਜਾਵੇਗਾ। ਹਿੰਦੀ ਵਿਭਾਗ ਦੇ ਮੁਖੀ ਗੁਰਮੀਤ ਸਿੰਘ ਨੇ ਪ੍ਰੋਗਰਾਮ ਦੇ ਸਵਾਗਤੀ ਸ਼ਬਦ ਕਹੇ। ਵੈਬਿਨਾਰ ਦੇ ਅੰਤ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸਰਬਜੀਤ ਸਿੰਘ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ। ਵੈਬਿਨਾਰ ਵਿੱਚ ਪੰਜਾਬੀ ਵਿਭਾਗ ਸਮੇਤ ਤਿੰਨਾਂ ਵਿਭਾਗਾਂ ਦੇ ਪ੍ਰੋਫੈ਼ਸਰ ਸਾਹਿਬਾਨ ਤੇ ਖੋਜਾਰਥੀ ਸ਼ਾਮਲ ਸਨ ਤੇ ਪ੍ਰੋ. ਅਲੀ ਅੱਬਾਸ ਨੇ ਸੰਚਾਲਕ ਦੀ ਭੂਮਿਕਾ ਨਿਭਾਈ।