ਮੁਕੇਸ਼ ਕੁਮਾਰ
ਚੰਡੀਗੜ੍ਹ, 4 ਜੂਨ
ਹਾਲ ਹੀ ਵਿੱਚ ਆਸਟਰੇਲੀਆ ਨਾਲ ਖੇਡੀ ਗਈ ਟੈਸਟ ਕ੍ਰਿਕਟ ਲੜੀ ਦੌਰਾਨ ਜੇਤੂ ਰਹੀ ਟੀਮ ਭਾਰਤ ਦੇ ਬੇਮਿਸਾਲ ਸਫਰ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਅਤੇ ਇਨ੍ਹਾਂ ਮੈਚਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀਆਂ ਭਾਵਨਾਵਾਂ ਨੂੰ ਇਕ ਵੈੱਬ ਸੀਰੀਜ਼ ‘ਬੰਦੋਂ ਮੇਂ ਥਾ ਦਮ’ ਰਾਹੀਂ ਕ੍ਰਿਕਟ ਪ੍ਰੇਮੀਆਂ ਤੱਕ ਪਹੁੰਚਾਇਆ ਜਾਵੇਗਾ। ਡਰੈਸਿੰਗ ਰੂਮ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਦੀਆਂ ਯਾਦਾਂ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਸਮੇਟ ਕੇ ਨੀਰਜ ਪਾਂਡੇ ਦੇ ਨਿਰਦੇਸ਼ਨ ਹੇਠ ਇਕ ਵੈੱਬ ਸੀਰੀਜ਼ ਤਿਆਰ ਕੀਤੀ ਗਈ ਹੈ, ਜਿਸ ਦਾ ਮੰਤਵ ਖਿਡਾਰੀਆਂ ਤੇ ਨੌਜਵਾਨਾਂ ਨੂੰ ਮਾੜੇ ਹਾਲਾਤ ’ਚ ਵੀ ਹੌਸਲਾ ਕਾਇਮ ਰੱਖਣ ਅਤੇ ਸੰਜਮ ਨਾਲ ਫੈਸਲੇ ਲੈਣ ਦੀ ਪ੍ਰੇਰਨਾ ਦੇਣਾ ਹੈ।
ਆਸਟਰੇਲੀਆ ਖ਼ਿਲਾਫ਼ ਇਤਿਹਾਸਕ ਟੈਸਟ ਲੜੀ ਜਿੱਤ ਦਰਜ ਕਰਵਾਉਣ ਵਾਲੀ ਭਾਰਤੀ ਟੀਮ ਦੇ ਮੈਂਬਰ ਖਿਡਾਰੀਆਂ ਸਮੇਤ ਟੀਮ ਦੇ ਕੋਚਾਂ ਨੂੰ ਸਮਰਪਿਤ ਇਸ ਵੈੱਬ ਸੀਰੀਜ਼ ਦਾ ਨਾਮ ‘ਬੰਦੋਂ ਮੇਂ ਥਾ ਦਮ’ ਰੱਖਿਆ ਗਿਆ ਹੈ। ਇਸ ਵੈੱਬ ਸੀਰੀਜ਼ ਦੇ ਨਿਰਦੇਸ਼ਕ ਨੀਰਜ ਪਾਂਡੇ ਨੇ ਦੱਸਿਆ ਕਿ ਇੱਕ ਸ਼ਕਤੀਸ਼ਾਲੀ ਸਕ੍ਰਿਪਟ, ਪਰਦੇ ਦੇ ਪਿੱਛੇ ਦੀ ਫੁਟੇਜ, ਭਾਰਤੀ ਟੈਸਟ ਕ੍ਰਿਕਟ ਟੀਮ ਦੇ ਖਿਡਾਰੀ ਅਜਿੰਕਿਆ ਰਹਾਣੇ, ਰਵੀਚੰਦਰਨ ਅਸ਼ਵਿਨ, ਚੇਤੇਸ਼ਵਰ ਪੁਜਾਰਾ, ਮੁਹੰਮਦ ਸਿਰਾਜ, ਰਿਸ਼ਭ ਪੰਤ ਅਤੇ ਹਨੂਮਾ ਵਿਹਾਰੀ ਸਮੇਤ ਉਨ੍ਹਾਂ ਦੇ ਕੋਚਾਂ ਅਤੇ ਇਸ ਲੜੀ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਵੱਲੋਂ ਸਾਂਝੇ ਕੀਤੇ ਗਏ ਤਜ਼ਰਬਿਆਂ ਅਤੇ ਖੱਟੀਆਂ-ਮਿੱਠੀਆਂ ਯਾਦਾਂ ਨੂੰ ਸਮੇਟਦੀ ਹੋਈ ਇਹ ਵੈੱਬ ਸੀਰੀਜ਼ ਖਿਡਾਰੀਆਂ ਦੀ ਜ਼ੋਰ ਅਜ਼ਮਾਇਸ਼ ਅਤੇ ਹੋਰ ਮੁਸੀਬਤਾਂ ’ਤੇ ਰੋਸ਼ਨੀ ਪਾਉਂਦਾ ਹੈ। ਇਸ ਵੈੱਬ ਸੀਰੀਜ਼ ਦਾ ਪ੍ਰੀਮੀਅਰ ਓਟੀਟੀ ਪਲੈਟਫਾਰਮ ਵੂਟ ਸਿਲੈਕਟ ’ਤੇ ਕੀਤਾ ਜਾਵੇਗਾ।
ਇਹ ਇੱਕ ਅਜਿਹੀ ਵੈੱਬ ਸੀਰੀਜ਼ ਹੈ ਜਿਸ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ‘ਚਮਤਕਾਰ’ ਵੀ ਹੁੰਦੇ ਹਨ। ਅਜਿਹਾ ਹੀ ਇਕ ਚਮਤਕਾਰ ਭਾਰਤ-ਆਸਟਰੇਲੀਆ ਟੈਸਟ ਲੜੀ 2020-2021 ਵਿੱਚ ਹੋਇਆ ਸੀ, ਜਿਸ ਵਿੱਚ ਵਿਸ਼ਵ ਦੀ ਨੰਬਰ ਇਕ ਆਸਟਰੇਲਿਆਈ ਟੀਮ ਨੂੰ ਬੇਹੱਦ ਮੁਸ਼ਕਿਲ ਹਾਲਾਤ ਵਿੱਚ ਉਸ ਦੇ ਹੀ ਘਰੇਲੂ ਮੈਦਾਨ ’ਤੇ ਭਾਰਤ ਨੇ ਹਰਾਇਆ ਸੀ, ਜਿੱਥੇ ਆਸਟਰੇਲੀਆ 32 ਸਾਲਾਂ ਤੋਂ ਕੋਈ ਟੈਸਟ ਮੈਚ ਨਹੀਂ ਹਾਰਿਆ ਸੀ। ਭਾਰਤ ਨੇ ਇਹ ਲੜੀ ਇਸ ਤਰੀਕੇ ਨਾਲ ਜਿੱਤੀ, ਜਿਸ ਦੀ ਪੂਰੇ ਦੇਸ਼ ਨੂੰ ਕਲਪਨਾ ਨਹੀਂ ਸੀ।