ਆਤਿਸ਼ ਗੁਪਤਾ
ਚੰਡੀਗੜ੍ਹ, 8 ਅਕਤੂਬਰ
ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਵਿਸ਼ੇਸ਼ ‘ਏਅਰ ਸ਼ੋਅ’ ਦਾ ਪ੍ਰਬੰਧ ਕੀਤਾ ਗਿਆ ਜਿਸ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਹਵਾਈ ਸੈਨਾ ਦੀ ਤਾਕਤ ਨੂੰ ਦੇਖਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਚੰਡੀਗੜ੍ਹ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਹੋਏ ਸਮਾਗਮ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਹਵਾਈ ਸੈਨਾ ਵਿੱਚ ਅਧਿਕਾਰੀਆਂ ਲਈ ਹਥਿਆਰ ਪ੍ਰਣਾਲੀ ਵਿੰਗ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਵਾਈ ਸੈਨਾ ਵਿੱਚ ਨਵਾਂ ਅਪਰੇਸ਼ਨਲ ਵਿੰਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬ੍ਰਾਂਚ ਦੇ ਬਣਨ ਨਾਲ ਸਰਕਾਰ ਨੂੰ ਫਲਾਈਟ ਟਰੇਨਿੰਗ ਦੇ ਖਰਚੇ ’ਚ ਕਟੌਤੀ ਕਰਕੇ 3400 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਵੇਗੀ। ਏਅਰ ਚੀਫ਼ ਮਾਰਸ਼ਲ ਨੇ ਹਵਾਈ ਸੈਨਾ ਦੇ ਜਵਾਨਾਂ ਲਈ ਲੜਾਕੂ ਵਰਦੀ ਦਾ ਨਵਾਂ ਪੈਟਰਨ ਵੀ ਜਾਰੀ ਕੀਤਾ। ਇਹ ਵਰਦੀ ਥਲ ਸੈਨਾ ਵਰਗੀ ਦਿਖਾਈ ਦਿੰਦੀ ਹੈ, ਜੋ ਰੇਗਿਸਤਾਨ, ਪਹਾੜੀਆਂ, ਜੰਗਲੀ ਦ੍ਰਿਸ਼ ਨੂੰ ਧਿਆਨ ਵਿੱਚ ਰਖਦੇ ਹੋਏ ਤਿਆਰ ਕੀਤੀ ਗਈ ਹੈ। ਸ੍ਰੀ ਚੌਧਰੀ ਨੇ ਕਿਹਾ ਕਿ ਹਵਾਈ ਸੈਨਾ ਵਿੱਚ ਅਗਨੀਪਥ ਸਕੀਮ ਨੂੰ ਲਾਗੂ ਕਰਨਾ ਇਕ ਵੱਡੀ ਚੁਣੌਤੀ ਹੈ, ਪਰ ਸੈਨਾ ਨੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਟਰੇਨਿੰਗ ਵਿੱਚ ਕੁਝ ਬਦਲਾਅ ਕੀਤੇ ਹਨ। ਉਨ੍ਹਾਂ ਕਿਹਾ ਕਿ ਦਸੰਬਰ ਵਿੱਚ ਤਿੰਨ ਹਜ਼ਾਰ ਅਗਨੀਵੀਰ ਵਾਯੂ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਗਲੇ ਸਾਲ ਤੋਂ ਹਵਾਈ ਸੈਨਾ ਵਿੱਚ ਔਰਤ ਅਗਨੀਵੀਰਾਂ ਦੀ ਭਰਤੀ ਵੀ ਸ਼ੁਰੂ ਹੋਵੇਗੀ। ਹਵਾਈ ਸੈਨਾ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਸਥਾਪਨਾ ਦਿਵਸ ਕੌਮੀ ਰਾਜਧਾਨੀ ਖੇਤਰ ਤੋਂ ਬਾਹਰ ਮਨਾਇਆ ਗਿਆ ਹੈ।
ਸ੍ਰੀ ਚੌਧਰੀ ਨੇ ਪਰੇਡ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਪੱਛਮੀ ਏਅਰ ਕਮਾਂਡ ਦੇ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਏਅਰ ਮਾਰਸ਼ਲ ਕੁਮਾਰ ਪ੍ਰਭਾਕਰਨ, ਤਿੰਨੋਂ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਅਤੇ ਸਾਬਕਾ ਫ਼ੌਜੀ ਵੀ ਮੌਜੂਦ ਸਨ। ਸੁਖਨਾ ਝੀਲ ’ਤੇ ਹੋਏ ‘ਏਅਰ ਸ਼ੋਅ’ ਦੀ ਸ਼ੁਰੂਆਤ ਆਕਾਸ਼ ਗੰਗਾ ਦੀ ਟੀਮ ਨੇ ਕੀਤੀ, ਜਿਸ ਦੇ 10 ਮੈਂਬਰ 8 ਹਜ਼ਾਰ ਫੁੱਟ ਦੀ ਉਚਾਈ ਤੋਂ ਪੈਰਾਸ਼ੂਟ ਰਾਹੀਂ ਝੀਲ ’ਚ ਉੱਤਰੇ। ਇਸ ਤੋਂ ਇਲਾਵਾ ਰਾਫੇਲ, ਤੇਜਸ, ਸੂਰਿਆ ਕਿਰਨ, ਬਿੱਗ ਬੁਆਏ, ਚਿਨੂਕ, ਏਕਲਵਿਆ, ਤ੍ਰਿਸ਼ੂਲ ਅਤੇ ਸਾਰੰਗ ਸਣੇ 80 ਕਿਸਮ ਦੇ ਲੜਾਕੂ ਜਹਾਜ਼ਾਂ ਨੇ ਕਰਤੱਬ ਦਿਖਾ ਕੇ ਲੋਕਾਂ ਦਾ ਮਨ ਮੋਹ ਲਿਆ।
ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰਹਾਜ਼ਰੀ ਤੋਂ ਰਾਜਪਾਲ ਖਫ਼ਾ
ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਵਿੱਚ ਅੱਜ ਕੀਤੇ ਗਏ ‘ਏਅਰ ਸ਼ੋਅ’ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰਹਾਜ਼ਰੀ ਤੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਫੀ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਮੁੱਖ ਮੰਤਰੀ ਨੇ ਪ੍ਰਵਾਨ ਕੀਤਾ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦਾ ਗੈਰਹਾਜ਼ਰ ਰਹਿਣਾ ਗਲਤ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਸਵਾਗਤ ਕਰਨਾ ਸੂਬੇ ਦੇ ਮੁੱਖ ਮੰਤਰੀ ਦਾ ਫ਼ਰਜ਼ ਬਣਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਆਪਣੇ ਨਿੱਜੀ ਕੰਮਾਂ ਦਾ ਹਵਾਲਾ ਦੇ ਕੇ ਰਾਸ਼ਟਰਪਤੀ ਦਾ ਸਵਾਗਤ ਤੱਕ ਕਰਨ ਨਹੀਂ ਪਹੁੰਚੇ। ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ’ਤੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਦੇ ਰਵੱਈਏ ਨਾਲ ਪੰਜਾਬ ਦਾ ਸਿਰ ਨੀਵਾਂ ਹੋ ਗਿਆ ਹੈ। ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਮੁੱਚੀ ਕੈਬਨਿਟ ਨੇ ਸ਼ਮੂਲੀਅਤ ਕੀਤੀ ਸੀ। ‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹਰ ਗੱਲ ਵਿੱਚ ਰਾਜਨੀਤੀ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਦਾ ਕੰਮ ਸੂਬੇ ਅਤੇ ਕੇਂਦਰ ਵਿਚਕਾਰ ਤਾਲਮੇਲ ਬਣਾਉਣਾ ਹੁੰਦਾ ਹੈ ਪਰ ਪੰਜਾਬ ਦੇ ਰਾਜਪਾਲ ਵਾਰ-ਵਾਰ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਦਾ ਸਤਿਕਾਰ ਕਰਦੇ ਹਨ ਪਰ ਮੁੱਖ ਮੰਤਰੀ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ। -ਟਨਸ