ਆਤਿਸ਼ ਗੁਪਤਾ
ਚੰਡੀਗੜ੍ਹ, 8 ਅਕਤੂਬਰ
ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਵਿਸ਼ੇਸ਼ ‘ਏਅਰ ਸ਼ੋਅ’ ਦਾ ਪ੍ਰਬੰਧ ਕੀਤਾ ਗਿਆ ਜਿਸ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਹਵਾਈ ਸੈਨਾ ਦੀ ਤਾਕਤ ਨੂੰ ਦੇਖਿਆ। ਇਸ ਤੋਂ ਪਹਿਲਾਂ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਚੰਡੀਗੜ੍ਹ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਹੋਏ ਸਮਾਗਮ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਹਵਾਈ ਸੈਨਾ ਵਿੱਚ ਅਧਿਕਾਰੀਆਂ ਲਈ ਹਥਿਆਰ ਪ੍ਰਣਾਲੀ ਵਿੰਗ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਵਾਈ ਸੈਨਾ ਵਿੱਚ ਨਵਾਂ ਅਪਰੇਸ਼ਨਲ ਵਿੰਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬ੍ਰਾਂਚ ਦੇ ਬਣਨ ਨਾਲ ਸਰਕਾਰ ਨੂੰ ਫਲਾਈਟ ਟਰੇਨਿੰਗ ਦੇ ਖਰਚੇ ’ਚ ਕਟੌਤੀ ਕਰਕੇ 3400 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਵੇਗੀ। ਏਅਰ ਚੀਫ਼ ਮਾਰਸ਼ਲ ਨੇ ਹਵਾਈ ਸੈਨਾ ਦੇ ਜਵਾਨਾਂ ਲਈ ਲੜਾਕੂ ਵਰਦੀ ਦਾ ਨਵਾਂ ਪੈਟਰਨ ਵੀ ਜਾਰੀ ਕੀਤਾ। ਸੁਖਨਾ ਝੀਲ ’ਤੇ ਹੋਏ ‘ਏਅਰ ਸ਼ੋਅ’ ਦੀ ਸ਼ੁਰੂਆਤ ਆਕਾਸ਼ ਗੰਗਾ ਦੀ ਟੀਮ ਨੇ ਕੀਤੀ, ਜਿਸ ਦੇ 10 ਮੈਂਬਰ 8 ਹਜ਼ਾਰ ਫੁੱਟ ਦੀ ਉਚਾਈ ਤੋਂ ਪੈਰਾਸ਼ੂਟ ਰਾਹੀਂ ਝੀਲ ’ਚ ਉੱਤਰੇ। ਇਸ ਤੋਂ ਇਲਾਵਾ ਰਾਫੇਲ, ਤੇਜਸ, ਸੂਰਿਆ ਕਿਰਨ, ਬਿੱਗ ਬੁਆਏ, ਚਿਨੂਕ, ਏਕਲਵਿਆ, ਤ੍ਰਿਸ਼ੂਲ ਅਤੇ ਸਾਰੰਗ ਸਣੇ 80 ਕਿਸਮ ਦੇ ਲੜਾਕੂ ਜਹਾਜ਼ਾਂ ਨੇ ਕਰਤੱਬ ਦਿਖਾ ਕੇ ਲੋਕਾਂ ਦਾ ਮਨ ਮੋਹ ਲਿਆ।