ਪੱਤਰ ਪ੍ਰੇਰਕ
ਐੱਸਏਐੱਸ ਨਗਰ/ਖਰੜ, 16 ਅਗਸਤ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਸੈਕਟਰ-80 ਸਥਿਤ ਪਿੰਡ ਮੌਲੀ ਬੈਦਵਾਨ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਮਜਬੂਰੀ ਵੱਸ 22 ਮਾਰਚ ਤੋਂ ਲੌਕਡਾਊਨ ਲਗਾਉਣਾ ਪਿਆ ਸੀ, ਜਿਸ ਕਾਰਨ ਆਮ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸਰਕਾਰ ਦੀ ਆਮਦਨ ਵੀ ਘਟੀ ਹੈ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਹਾਲੇ ਕਾਰੋਬਾਰ ਆਪਣੀ ਲੀਹ ’ਤੇ ਨਹੀਂ ਆਏ ਪਰ ਕਰੋਨਾ ਅਤੇ ਆਰਥਿਕ ਸੰਕਟ ਦੇ ਬਾਵਜੂਦ ਵਿਕਾਸ ਕਾਰਜਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੈਬਨਿਟ ਵਲੋਂ 4 ਹਜ਼ਾਰ ਨਵੇਂ ਡਾਕਟਰਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਅਗਲੇ ਮਹੀਨੇ ਦੇ ਅੰਤ ਤੱਕ ਸਰਕਾਰੀ ਹਸਪਤਾਲਾਂ ’ਚ 4 ਹਜ਼ਾਰ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਕੇ ਨਿਯੁਕਤੀਆਂ ਕਰ ਦਿੱਤੀਆ ਜਾਣਗੀਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਪਣੀ ਗੱਲਬਾਤ ਦੌਰਾਨ ਬਸੀ ਪਠਾਣਾਂ ਵਿੱਚ ਕੀਤਾ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਹਾਜ਼ਰੀ ਵਿੱਚ ਸਿੱਧੂ ਨੇ ਕਿਹਾ ਕਿ ਨਵੇਂ ਡਾਕਟਰਾਂ ਦੀ ਭਰਤੀ ਤੋਂ ਬਾਅਦ ਬਸੀ ਪਠਾਣਾਂ ਦੇ ਸਿਵਲ ਹਸਪਤਾਲ ਦੀ ਨੁਹਾਰ ਵੀ ਪਹਿਲ ਦੇ ਆਧਾਰ ’ਤੇ ਬਦਲੀ ਜਾਵੇਗੀ।