ਪੱਤਰ ਪ੍ਰੇਰਕ
ਮੋਰਿੰਡਾ, 12 ਮਾਰਚ
ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਵਿਧਾਇਕ ਡਾ. ਚਰਨਜੀਤ ਸਿੰਘ ਨੇ ਆਪਣੀ ਜਿੱਤ ਦਾ ਸਿਹਰਾ ਹਲਕੇ ਦੇ ਸਮੂਹ ਵੋਟਰਾਂ ਨੂੰ ਦਿੰਦਿਆਂ ਭਰੋਸਾ ਦਿੱਤਾ ਕਿ ਹਲਕੇ ਦੇ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤਖੋਰੀ ’ਤੇ ਠੱਲ੍ਹ ਪਾਉਣ ਲਈ ਪੂਰੀ ਵਾਹ ਲਾਉਣਗੇ ਅਤੇ ਤਨਦੇਹੀ ਨਾਲ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਿਨਾਂ ਭੇਦਭਾਵ ਅਤੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਲੋਕਾਂ ਦੀ ਸੇਵਾ ਕਰਨਗੇ ਅਤੇ ਜਲਦ ਹੀ ਉਹ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਵਿੱਚ ਆਪਣੇ ਦਫ਼ਤਰ ਸਥਾਪਤ ਕਰਨਗੇ ਜਿੱਥੇ ਹਲਕੇ ਦੇ ਵਸਨੀਕ ਆਪਣੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਦੱਸ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਿਸ਼ਵਤਖੋਰੀ ਤੋਂ ਤੰਗ ਆ ਚੁੱਕੇ ਹਨ ਤੇ ਹਲਕੇ ਦੇ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤਖੋਰੀ ’ਤੇ ਤੁਰੰਤ ਠੱਲ੍ਹ ਪਾਈ ਜਾਵੇਗੀ। ਇਸ ਸਬੰਧੀ ਉਹ ਦਫ਼ਤਰਾਂ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ। ਇਸ ਮੌਕੇ ਸਿਕੰਦਰ ਸਿੰਘ ਸਹੇੜੀ, ਕੁਲਦੀਪ ਸਿੰਘ ਖੇੜੀ, ਰਜਿੰਦਰ ਸਿੰਘ ਚੱਕਲਾਂ, ਨਵਦੀਪ ਸਿੰਘ ਟੋਨੀ, ਜਸਵੀਰ ਸਿੰਘ ਗੜਾਗਾ, ਨਿਰਮਲਪ੍ਰੀਤ ਸਿੰਘ ਮਿਹਰਬਾਨ, ਐੱਨਪੀ ਰਾਣਾ ਆਦਿ ਹਾਜ਼ਰ ਸਨ।