ਸੰਜੀਵ ਤੇਜਪਾਲ
ਮੋਰਿੰਡਾ, 15 ਫਰਵਰੀ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੱਜ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਨਾਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਅਰਦਾਸ ਕੀਤੀ। ਹੈੱਡ ਗ੍ਰੰਥੀ ਗਿਆਨੀ ਹਰਿੰਦਰ ਸਿੰਘ ਨੇ ਦੋਵਾਂ ਨੂੰ ਸਿਰੋਪੇ ਭੇਟ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੱਢਾ ਨੇ ਪੰਜਾਬ ਦੇ ਰਾਜਪਾਲ ਵੱਲੋਂ ਮਾਈਨਿੰਗ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਲੀਨ ਚਿੱਟ ਮਿਲਣ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੀ ਜਾਂਚ-ਪੜਤਾਲ ਹੈ? ਜਿਸ ਵਿੱਚ ਮੁਦਈ ਵੀ ਆਪ, ਗਵਾਹ ਵੀ ਆਪ ਅਤੇ ਜੱਜ ਵੀ ਆਪ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇਗਾ।
ਸ੍ਰੀ ਚੱਢਾ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਜਿੰਨੇ ਵੀ ਕੰਮ ਰਹਿੰਦੇ ਹਨ, ਉਨ੍ਹਾਂ ਨੂੰ ‘ਆਪ’ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਉਹ ਅਰਵਿੰਦ ਕੇਜਰੀਵਾਲ ਵੱਲੋਂ ਗਾਰੰਟੀ ਦਿੰਦੇ ਹਨ, ਕਿਉਂਕਿ ਉਨ੍ਹਾਂ ਨੇ ਹਲਕੇ ਦੇ ਪਿੰਡਾਂ ਵਿੱਚ ਦੇਖਿਆ ਹੈ ਕਿ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ।
ਰਾਘਵ ਚੱਢਾ ਨੇ ਇਸ ਤੋਂ ਪਹਿਲਾਂ ਡਾ. ਚਰਨਜੀਤ ਸਿੰਘ ਨਾਲ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਦਾ ਪਿਆਰ ਸਤਿਕਾਰ ਕਬੂਲ ਕੀਤਾ ਅਤੇ ਸਨਾਤਨ ਧਰਮ ਮੰਦਰ ਵਿੱਚ ਵੀ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਜਗਮੋਹਨ ਸਿੰਘ ਕੰਗ ਵੀ ਮੌਜੂਦ ਸਨ।
ਇਸ ਮੌਕੇ ਰਜਿੰਦਰ ਸਿੰਘ ਚੱਕਲਾਂ, ਨਿਰਮਲਪਰੀਤ ਸਿੰਘ ਮੇਹਰਬਾਨ, ਕੁਲਦੀਪ ਸਿੰਘ ਖੇੜੀ, ਨਵਦੀਪ ਸਿੰਘ ਟੋਨੀ, ਰਣਬੀਰ ਸਿੰਘ ਕੋਟਲਾ, ਹਰਿੰਦਰ ਸਿੰਘ ਹੀਰਾ, ਗੁਰਨਾਮ ਸਿੰਘ, ਰਜਿੰਦਰ ਸਿੰਘ ਰਾਜਾ ਰੰਗੀ ਵੀ ਹਾਜ਼ਰ ਸਨ।