ਹਰਜੀਤ ਸਿੰਘ
ਜ਼ੀਰਕਪੁਰ, 13 ਸਤੰਬਰ
ਇਥੋਂ ਦੇ ਪਿੰਡ ਸਿੰਘਪੁਰਾ ਦੀ ਬਾਜ਼ੀਗਰ ਬਸਤੀ ਵਿੱਚ ਬੀਤੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਪਈ ਹੈ। ਇਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਸਪਲਾਈ ਮੇਨ ਪਾਈਪ ਫੱਟਣ ਕਾਰਨ ਆ ਰਹੀ ਹੈ। ਸਥਾਨਕ ਲੋਕਾਂ ਨੇ ਨਗਰ ਕੌਂਸਲ ਤੋਂ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਾਜ਼ੀਗਰ ਬਸਤੀ ਦੇ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਨਿੱਜੀ ਮੋਬਾਈਲ ਕੰਪਨੀ ਵੱਲੋਂ ਜ਼ਮੀਨਦੋਜ਼ ਤਾਰਾਂ ਵਿਛਾਉਣ ਲਈ ਖੁਦਾਈ ਕੀਤੀ ਗਈ ਹੈ। ਇਸ ਦੌਰਾਨ ਬਾਜ਼ੀਗਰ ਬਸਤੀ ਨੂੰ ਆਉਣ ਵਾਲੀ ਪਲਾਸਟਿਕ ਦੀ ਮੇਨ ਪਾਈਪ ਲਾਈਟ ਟੁੱਟ ਗਈ, ਜਿਸ ਕਾਰਨ ਪਿੰਡ ਵਿੱਚ ਤਿੰਨ ਦਿਨ ਤੋਂ ਪੀਣ ਵਾਲੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਤੁਰੰਤ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ, ਪਰ ਇਸ ਨੂੰ ਕੋਈ ਗੰਭੀਰਤਾਂ ਨਾਲ ਨਹੀਂ ਲੈ ਰਿਹਾ। ਲੋਕਾਂ ਨੇ ਦੱਸਿਆ ਕਿ ਪਾਣੀ ਦੀ ਕਿੱਲਤ ਪੂਰੀ ਕਰਨ ਲਈ ਉਨ੍ਹਾਂ ਨੂੰ ਦਰ ਦਰ ਦੇ ਧੱਕੇ ਖਾਣੇ ਪੈ ਰਹੇ ਹਨ ਜਾਂ ਆਪਣੇ ਖਰਚੇ ’ਤੇ ਨਿੱਜੀ ਟੈਂਕਰ ਮੰਗਵਾਊਣੇ ਪੈ ਰਹੇ ਹਨ। ਪਰ ਇਸਦੇ ਬਾਵਜੂਦ ਪਾਣੀ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪਿੰਡ ਨੂੰ ਸਪਲਾਈ ਕਰਨ ਵਾਲੀ ਮੇਨ ਲਾਈਨ ਥਾਂ-ਥਾਂ ਤੋਂ ਟੁੱਟੀ ਹੋਈ ਹੈ ਤੇ ਸਾਰਾ ਦਿਨ ਪਾਣੀ ਲੀਕ ਹੁੰਦਾ ਰਹਿੰਦਾ ਹੈ। ਕੌਂਸਲ ਵੱਲੋਂ ਲੀਕੇਜ਼ ਬੰਦ ਕਰਨ ਲਈ ਥਾਂ-ਥਾਂ ਖੱਡੇ ਪੁੱਟੇ ਹੋਏ ਹਨ ਜਿਥੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਗੱਲ ਕਰਨ ’ਤੇ ਨਗਰ ਕੌਂਸਲ ਦੇ ਐੱਮਈ ਮੁਕੇਸ਼ ਰਾਏ ਨੇ ਦੱਸਿਆ ਕਿ ਛੇਤੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।