ਹਰਜੀਤ ਸਿੰਘ
ਡੇਰਾਬੱਸੀ, 30 ਅਕਤੂਬਰ
ਇੱਥੋਂ ਵਾਰਡ ਨੰਬਰ ਨੌਂ ਅਤੇ ਦਸ ਅਧੀਨ ਪੈਂਦੇ ਗੁਲਾਬਗੜ੍ਹ ਖੇਤਰ ਵਿੱਚ ਲੰਘੇ ਦੋ ਦਿਨਾਂ ਤੋਂ ਲੋਕਾਂ ਨੂੰ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਲੋਕਾਂ ਨੂੰ ਪਾਣੀ ਦੀ ਪੂਰਤੀ ਕਰਨ ਲਈ ਨਿੱਜੀ ਟੈਂਕਰਾਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।
ਇਸ ਸਬੰਧੀ ਵਾਰਡ ਵਾਸੀ ਅਨੀਤਾ ਗੁਪਤਾ, ਆਸ਼ਾ ਸੈਣੀ, ਸਤੀਸ਼ ਗੁਪਤਾ, ਆਨੰਦ ਠਾਕੁਰ, ਨਰੇਸ਼ ਕੌਸ਼ਿਕ, ਰੂਪ ਸਿੰਘ, ਲਖਵਿੰਦਰ ਸਿੰਘ ਸਣੇ ਹੋਰਨਾਂ ਵਾਰਡ ਵਾਸੀਆਂ ਨੇ ਦੱਸਿਆ ਕਿ ਲੰਘੇ ਦੋ ਦਿਨਾਂ ਤੋਂ ਇਸ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੁਝ ਦਿਨਾਂ ਤੋਂ ਸਪਲਾਈ ਘੱਟ ਆ ਰਹੀ ਸੀ ਪਰ ਹੁਣ ਦੋ ਦਿਨਾਂ ਤੋਂ ਪਾਣੀ ਦੀ ਬਿਲਕੁਲ ਸਪਲਾਈ ਠੱਪ ਹੋ ਗਈ ਹੈ। ਉਹ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਗਏ ਹਨ। ਪਾਣੀ ਦੀ ਕਿੱਲਤ ਕਾਰਨ ਲੋਕਾਂ ਦੇ ਘਰੇਲੂ ਕੰਮ ਪ੍ਰਭਾਵਿਤ ਹੋ ਰਹੇ ਹਨ। ਘਰਾਂ ਦੀ ਸਫਾਈ ਨਾ ਹੋਣ ਕਾਰਨ ਗੰਦਗੀ ਫੈਲ ਗਈ ਹੈ। ਘਰੇਲੂ ਕੰਮ ਚਲਾਉਣ ਲਈ ਉਨ੍ਹਾਂ ਨੂੰ ਆਪਣੇ ਵਿੱਤੀ ਖਰਚ ’ਤੇ ਨਿੱਜੀ ਟੈਂਕਰ ਮੰਗਵਾਉਣੇ ਪੈ ਰਹੇ ਹਨ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਛੱਠ ਪੂਜਾ ’ਤੇ ਉਨ੍ਹਾਂ ਨੂੰ ਬਿਨਾਂ ਪਾਣੀ ਤੋਂ ਸਮਾਂ ਲੰਘਾਉਣਾ ਪਿਆ। ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਪਾਣੀ ਦੀ ਸਮੱਸਿਆ ਛੇਤੀ ਹੱਲ ਕਰਨ ਦੀ ਮੰਗ ਕੀਤੀ ਹੈ।
ਮਸਲਾ ਹੱਲ ਕਰਵਾ ਦਿੱਤਾ ਜਾਵੇਗਾ: ਉਪਨੇਜਾ
ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਅਧਿਕਾਰੀਆਂ ਨੂੰ ਹਦਾਇਤ ਕਰ ਪਾਣੀ ਦੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਏਗਾ।