ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 13 ਜੁਲਾਈ
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੀ ਜੂਹ ਵਿੱਚ ਵੱਸਦੇ ਪਿੰਡ ਝਿਊਰਹੇੜੀ ਵਿੱਚ ਕਾਫ਼ੀ ਦਿਨਾਂ ਤੋਂ ਘਰਾਂ ਵਿੱਚ ਸਪਲਾਈ ਹੋ ਰਹੇ ਗੰਧਲੇ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਦੂਜੀ ਵਾਰ ਜਲ ਸਪਲਾਈ ਵਿਭਾਗ ਦੀ ਟੀਮ ਵੱਲੋਂ ਪਾਣੀ ਦੇ ਸੈਂਪਲ ਭਰੇ ਗਏ, ਪਾਣੀ ਦੀ ਲੀਕੇਜ ਚੈੱਕ ਕੀਤੀ ਗਈ ਅਤੇ ਪਾਣੀ ਵਿੱਚ ਕਲੋਰੀਨ ਮਿਲਾਉਣ ਵਾਲੀ ਮਸ਼ੀਨ ਦੀ ਮੋਟਰ ਬਦਲ ਦਿੱਤੀ ਗਈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਹੁਕਮਾਂ ’ਤੇ ਅੱਜ ਤੀਜੇ ਦਿਨ ਮੁਹਾਲੀ ਦੇ ਐੱਸਡੀਐੱਮ ਸਰਬਜੀਤ ਕੌਰ ਅਤੇ ਤਹਿਸੀਲਦਾਰ ਵੱਲੋਂ ਪਿੰਡ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।
ਐੱਸਡੀਐੱਮ ਸਰਬਜੀਤ ਕੌਰ ਨੇ ਦੱਸਿਆ ਕਿ ਝਿਊਰਹੇੜੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਅੱਜ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਪਿੰਡ ਪਹੁੰਚ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਸ ਵੇਲੇ ਉੱਥੇ ਕੋਈ ਗੰਭੀਰ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਸੱਦਿਆ ਗਿਆ ਅਤੇ ਪਾਣੀ ਦੀ ਲੀਕੇਜ ਚੈੱਕ ਕੀਤੀ ਗਈ। ਇਸ ਦੌਰਾਨ ਘਰਾਂ ਵਿੱਚ ਸਪਲਾਈ ਹੁੰਦੇ ਪੀਣ ਵਾਲੇ ਪਾਣੀ ਦੇ ਦੁਬਾਰਾ ਸੈਂਪਲ ਲਈ ਗਏ ਤੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਐੱਸਡੀਐੱਮ ਨੇ ਕਿਹਾ ਕਿ ਉਨ੍ਹਾਂ ਨੂੰ ਪੇਚਸ਼ ਤੋਂ ਪੀੜਤ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਉੱਧਰ, ਸਿਹਤ ਵਿਭਾਗ ਦੀ ਟੀਮ ਨੇ ਕੱਲ੍ਹ ਪੰਜ ਸੈਂਪਲ ਲਏ ਸਨ। ਸਿਵਲ ਸਰਜਨ ਨੂੰ ਭੇਜੀ ਲਿਖਤੀ ਰਿਪੋਰਟ ਵਿੱਚ ਝਿਊਰਹੇੜੀ ਵਿੱਚ ਅੱਠ ਤੋਂ 10 ਵਿਅਕਤੀਆਂ ਦੇ ਦਸਤ ਤੇ ਉਲਟੀਆਂ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਲ ਸਪਲਾਈ ਦੀ ਪਾਈਪਲਾਈਨ ਕਾਫ਼ੀ ਪੁਰਾਣੀ ਹੋਣ ਕਾਰਨ ਕਈ ਥਾਵਾਂ ਤੋਂ ਲੀਕੇਜ ਦਾ ਖ਼ਦਸ਼ਾ ਹੈ। ਪਿੰਡ ਦੀ ਸਰਪੰਚ ਮਨਦੀਪ ਕੌਰ ਅਤੇ ਪੰਚ ਜਸਵਿੰਦਰ ਸਿੰਘ ਨੇ ਜਾਂਚ ਟੀਮ ਨੂੰ ਦੱਸਿਆ ਕਿ ਕੁੱਝ ਪਿੰਡ ਵਾਸੀ ਨਵਾਂ ਕੁਨੈਕਸ਼ਨ ਜੋੜਨ ਲਈ ਪਲੰਬਰ ਨੂੰ ਸੱਦਣ ਦੀ ਬਜਾਏ ਖ਼ੁਦ ਹੀ ਕੁਨੈਕਸ਼ਨ ਜੋੜ ਲੈਂਦੇ ਹਨ, ਜਿਸ ਕਾਰਨ ਪਾਈਪਲਾਈਨ ਥਾਂ-ਥਾਂ ਤੋਂ ਕੰਡਮ ਹੋ ਗਈ ਹੈ। ਜਦੋਂ ਟਿਊਬਵੈੱਲ ਤੋਂ ਪੂਰੇ ਪ੍ਰੈਸ਼ਰ ਨਾਲ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਈਪਲਾਈਨ ’ਚੋਂ ਕੁੱਝ ਸਮੇਂ ਤੱਕ ਪਾਣੀ ਨਾਲ ਮਿੱਟੀ ਵੀ ਚਲੀ ਜਾਂਦੀ ਹੈ ਪ੍ਰੰਤੂ ਕੁੱਝ ਸਮੇਂ ਬਾਅਦ ਪਾਣੀ ਸਾਫ਼ ਹੋ ਜਾਂਦਾ ਹੈ। ਪੰਚਾਇਤ ਨੇ ਦੱਸਿਆ ਕਿ ਅੱਜ ਪਾਣੀ ਵਿੱਚ ਕਲੋਰੀਨ ਮਿਲਾਉਣ ਵਾਲੀ ਮਸ਼ੀ ਨ ਦੀ ਮੋਟਰ ਬਦਲ ਦਿੱਤੀ ਗਈ ਹੈ।