ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 28 ਅਕਤੂਬਰ
ਕਾਂਗਰਸ ਪਾਰਟੀ ਵੱਲੋਂ ਹਲਕਾ ਖਰੜ ਦੇ ਇੰਚਾਰਜ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ ਜਦੋਂ ਨਿਊ ਚੰਡੀਗੜ੍ਹ ਨੂੰ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਪਾਸ ਹੋ ਗਿਆ। ਸ੍ਰੀ ਕੰਗ ਨੇ ਕਿਹਾ ਕਿ ਉਨ੍ਹਾਂ ਜੱਦੋ-ਜਹਿਦ ਕਰ ਕੇ 22 ਜੁਲਾਈ 2021 ਨੂੰ ਕਜੌਲੀ ਵਾਟਰ ਵਰਕਸ/ਭਾਖੜਾ ਮੇਨ ਲਾਈਨ ਤੋਂ ਖਰੜ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿਵਾਈ ਸੀ ਤੇ ਇਸੇ ਲੜੀ ਤਹਿਤ ਉਨ੍ਹਾਂ ਵਿਉਂਤਬੰਦੀ ਨਾਲ ਨਿਊ ਚੰਡੀਗੜ੍ਹ/ਮੁੱਲਾਂਪੁਰ ਗਰੀਬਦਾਸ ਵਿੱਚ ਪੈਂਦੇ ਇਲਾਕੇ, ਈਕੋ ਸਿਟੀ-1, ਈਕੋ ਸਿਟੀ-2, ਮੈਡੀਸਿਟੀ, ਪੀ.ਸੀ.ਏ. ਸਟੇਡੀਅਮ, ਡੀ.ਐਲ.ਐਫ, ਐਲਟੱਸ, ਓਮੈਕਸ, ਮਨੋਹਰ ਸਿੰਘ, ਕਯੂਰੋ ਇੰਡੀਆ, ਇਨੋਵੈਸ਼ਨ ਹਾਊਸਿੰਗ ਪੀ.ਸੀ.ਐਲ. ਆਦਿ ਨੂੰ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਿਵਾਉਣ ਦਾ ਪ੍ਰਾਜੈਕਟ ਪਾਸ ਕਰਵਾ ਦਿੱਤਾ ਹੈ ਜਿਸ ’ਤੇ 43 ਕਰੋੜ ਰੁਪਏ ਖ਼ਰਚ ਆਵੇਗਾ। ਇੱਥੇ ਕਜੌਲੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਮਿਲਣ ਨਾਲ ਜ਼ਿਆਦਾ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਵਾਉਣ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ਸਾਬਕਾ ਬਲਾਕ ਸਮਿਤੀ ਮੈਂਬਰ ਹਰਤੇਜ ਤੇਜੀ ਪੜੌਲ, ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਬੀਰ ਸਿੰਘ ਐਡਵੋਕੇਟ, ਦਲਬੀਰ ਸਿੰਘ ਪੱਪੀ, ਅਵਤਾਰ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਤੇ ਰਵਿੰਦਰ ਸਿੰਘ ਹਾਜ਼ਰ ਸਨ।