ਕਰਮਜੀਤ ਸਿੰਘ ਚਿੱਲਾ
ਬਨੂੜ, 23 ਫਰਵਰੀ
ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਕਰਾਲਾ ਦੇ ਵਸਨੀਕ ਗਲੀਆਂ ਵਿੱਚ ਭਰੇ ਪਾਣੀ ਤੋਂ ਪ੍ਰੇਸ਼ਾਨ ਹਨ। ਪਿੰਡ ਨੇੜੇ ਵੱਸੀ ਹੋਈ ਇਕ ਪ੍ਰਾਈਵੇਟ ਕਲੋਨੀ ਵੱਲੋਂ ਪਾਣੀ ਦੀ ਨਿਕਾਸੀ ਵਾਲੀ ਥਾਂ ਕੰਧ ਕੀਤੇ ਜਾਣ ਕਰ ਕੇ ਮਿੱਟੀ ਦਾ ਭਰਤ ਪਾਉਣ ਨਾਲ ਇਹ ਸਮੱਸਿਆ ਪੇਸ਼ ਆ ਰਹੀ ਹੈ।
ਕਈ ਦਿਨਾਂ ਤੋਂ ਗਲੀਆਂ ਵਿੱਚ ਖੜ੍ਹੇ ਪਾਣੀ ’ਚੋਂ ਬਦਬੂ ਮਾਰਨ ਲੱਗ ਪਈ ਹੈ ਤੇ ਪਿੰਡ ਵਾਸੀਆਂ ਨੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪਿੰਡ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕਰਦਿਆਂ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕੌਮੀ ਮਾਰਗ ਉੱਤੇ ਜਾਮ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਪਿੰਡ ਵਾਸੀਆਂ ਗੁਰਚਰਨ ਸਿੰਘ, ਜੋਗਿੰਦਰ ਸਿੰਘ, ਹਰਰੂਪ ਸਿੰਘ, ਹਰਬੰਸ ਸਿੰਘ, ਜਗਜੀਤ ਜੱਗੀ, ਗੁਰਵਿੰਦਰ ਕਾਲਾ, ਲਖਵਿੰਦਰ ਕਰਾਲਾ, ਦਰਸ਼ਨ ਸਿੰਘ, ਅਜਮੇਰ ਕੌਰ, ਲਾਭ ਕੌਰ, ਸ਼ੇਰ ਕੌਰ ਤੇ ਅਜਮੇਰ ਕੌਰ ਆਦਿ ਨੇ ਦੱਸਿਆ ਕਿ ਪਹਿਲਾਂ ਪਿੰਡ ਦੇ ਪਾਣੀ ਦਾ ਨਿਕਾਸ ਕਲੋਨੀ ਵਿੱਚੋਂ ਹੁੰਦਾ ਸੀ। ਹੁਣ ਕਲੋਨੀ ਵਾਲਿਆਂ ਨੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਹੈ। ਨਿਕਾਸ ਬੰਦ ਹੋਣ ਕਾਰਨ ਗਲੀਆਂ ਅਤੇ ਪਿੰਡ ਵਿਚਲੀਆਂ ਖਾਲੀ ਥਾਵਾਂ ਵਿੱਚ ਪਾਣੀ ਭਰਿਆ ਖੜ੍ਹਾ ਹੈ। ਕਈਆਂ ਦੇ ਵਿਹੜਿਆਂ ਵਿੱਚ ਵੀ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪਾਣੀ ਵਿੱਚੋਂ ਲੰਘ ਕੇ ਆਪਣੇ ਘਰਾਂ ਵਿੱਚ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਦੇ ਹੱਲ ਲਈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਪੀਲ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।
ਨਿਕਾਸੀ ਦੇ ਪ੍ਰਬੰਧ ਲਈ ਫੰਡ ਮੁਹੱਈਆ ਕਰਵਾਏ ਸਰਕਾਰ: ਸਰਪੰਚ
ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਕਿਹਾ ਕਿ ਪਾਣੀ ਦੇ ਨਿਕਾਸ ਦੀ ਸਮੱਸਿਆ ਬੇਹੱਦ ਗੰਭੀਰ ਹੈ। ਕਲੋਨੀ ਵਾਲਿਆਂ ਵੱਲੋਂ ਨਿਕਾਸੀ ਬੰਦ ਕੀਤੇ ਜਾਣ ਕਾਰਨ ਪਿੰਡ ਵਾਸੀਆਂ ਦੀਆਂ ਦਿੱਕਤਾਂ ਦੁੱਗਣੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਆਰਜ਼ੀ ਤੌਰ ਉੱਤੇ ਤੁਰੰਤ ਪਾਣੀ ਦੀ ਨਿਕਾਸੀ ਕਰਵਾਏ ਅਤੇ ਇਸ ਦੇ ਸਥਾਈ ਹੱਲ ਲਈ ਪੰਚਾਇਤ ਨੂੰ 10 ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ ਜਾਵੇ ਤਾਂ ਜੋ ਪਾਣੀ ਦੀ ਪਾਈਪ ਲਾਈਨ ਪਾ ਕੇ ਮਸਲੇ ਦਾ ਪੱਕਾ ਹੱਲ ਕੱਢਿਆ ਜਾ ਸਕੇ।