ਪੱਤਰ ਪ੍ਰੇਰਕ
ਕੁਰਾਲੀ, 24 ਜੂਨ
ਸ਼ਹਿਰ ਵਿਚ ਕੁਝ ਸਮੇਂ ਲਈ ਪਏ ਪਹਿਲੇ ਮੀਂਹ ਕਾਰਨ ਸਾਰਾ ਸ਼ਹਿਰ ਜਲਥਲ ਹੋ ਗਿਆ। ਇਸ ਮੀਂਹ ਨੇ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ਼ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਕਈ ਵਾਰਡਾਂ ਦੀਆਂ ਗਲੀਆਂ ਅਤੇ ਨਾਲੀਆਂ ਤੋਂ ਇਲਾਵਾ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿਚ ਅੱਜ ਦੁਪਹਿਰ ਵੇਲੇ ਕੁਝ ਸਮੇਂ ਲਈ ਪਏ ਮੀਂਹ ਕਾਰਨ ਸ਼ਹਿਰ ਦੀਆਂ ਨਿਕਾਸੀ ਨਾਲੀਆਂ ਅਤੇ ਨਾਲ ਉੱਛਲ ਗਏ। ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਵਿੱਚ ਪਾਣੀ ਭਰ ਗਿਆ। ਇਸੇ ਦੌਰਾਨ ਦੇ ਵੱਖ ਵੱਖ ਵਾਰਡਾਂ ਦੀਆਂ ਗਲੀਆਂ, ਫੁਹਾਰਾ ਚੌਕ, ਸਬਜ਼ੀ ਮੰਡੀ ਚੌਕ, ਖਰੜ ਦੀ ਕੌਮੀ ਮਾਰਗ, ਰੇਲਵੇ ਰੋਡ ਦੀਆਂ ਦੁਕਾਨਾਂ ਅਤੇ ਨਗਰ ਖੇੜਾ ਮਾਰਕਿਟ ਸਮੇਤ ਸ਼ਹਿਰ ਦਾ ਸਾਰਾ ਮੇਨ ਬਾਜ਼ਾਰ ਜਲਥਲ ਹੋ ਗਿਆ। ਸਥਾਨਕ ਲੋਕਾਂ ਨੇ ਰੋਸ ਪ੍ਰਗਟਾਊਂਦਿਆਂ ਕਿਹਾ ਕਿ ਲੰਮੇਂ ਸਮੇਂ ਤੋਂ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਪਾਉਣ ’ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਪਰ ਫਿਰ ਵੀ ਨਿਕਾਸੀ ਦੀ ਸਮੱਸਿਆ ਹੱਲ ਨਹੀਂ ਹੋ ਸਕੀ। ਸ਼ਹਿਰ ਵਾਸੀਆਂ ਨੇ ਸ਼ਹਿਰ ਦੇ ਨਿਕਾਸੀ ਪ੍ਰਬੰਧ ਨੂੰ ਸਹੀ ਕਰਨ ਦੀ ਮੰਗ ਕੀਤੀ ਹੈ।
ਅਮਲੋਹ (ਰਾਮ ਸਰਨ ਸੂਦ): ਪਹਿਲੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਈ ਉੱਥੇ ਅਮਲੋਹ ਸ਼ਹਿਰ ਨੂੰ ਜਲ-ਥਲ ਕਰਕੇ ਰੱਖ ਦਿੱਤਾ। ਸ਼ਹਿਰ ਦਾ ਮੁੱਖ ਬਾਜ਼ਾਰ ਅਤੇ ਮੁਹੱਲਿਆਂ ਵਿਚ ਭਾਰੀ ਮਾਤਰਾ ਵਿਚ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਆਉਣ-ਜਾਣ ਵੇਲੇ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿਚ ਨਗਰ ਕੌਂਸਲ ਦੀ ਪ੍ਰਧਾਨ ਕਿਰਨ ਸੂਦ ਦੀ ਅਗਵਾਈ ਹੇਠ ਇਹ ਪਾਣੀ ਕਢਵਾਇਆ ਗਿਆ। ਮੀਂਹ ਨਾਲ ਲੋਕਾਂ ਨੂੰ ਕੜਕਦੀ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਉੱਥੇ ਪਿੰਡਾਂ ਵਿਚ ਚੱਲ ਰਹੇ ਝੋਨੇ ਦੀ ਲਵਾਈ ਦੇ ਕੰਮ ਨੇ ਵੀ ਤੇਜ਼ੀ ਫੜੀ ਹੈ।
ਖਰੜ (ਸ਼ਸੀਪਾਲ ਜੈਨ): ਅੱਜ ਬਾਅਦ ਦੁਪਿਹਰ ਹੋਈ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਇਸ ਬਾਰਿਸ਼ ਨੇ ਸਥਾਨਕ ਨਗਰ ਕੌਂਸਲ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ’ਤੇ ਵੀ ਪ੍ਰਸ਼ਨ ਚਿਨ੍ਹ ਲਗਾ ਦਿੱਤਾ ਹੈਉਂ ਸ਼ਹਿਰ ਅੰਦਰ ਪਾਣੀ ਦੀ ਨਿਕਾਸੀ ਵਿੱਚ ਕੌਂਸਲ ਨਾਕਾਮ ਰਹੀ ਹੈ। ਸਥਾਨਕ ਆਰਿਆ ਕਾਲਜ ਰੋਡ ’ਤੇ ਅੰਜ 2 ਤੋਂ 3 ਫੁੱਟ ਪਾਣੀ ਨਜ਼ਰ ਆਇਆ। ਇੰਜ ਹੀ ਪਿੰਡ ਨਿਆਂਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਇਸੇ ਤਰ੍ਹਾਂ ਸ਼ਿਵਾਲਿਕ ਸਿਟੀ, ਵਾਰਡ ਨੰ 8, ਛੱਜੂਮਜਾਰਾ, ਵਿੱਚ ਵੀ ਬਹੁਤ ਥਾਂਵਾ ’ਤੇ ਪਾਣੀ ਖੜ੍ਹ ਗਿਆ।
ਕਿਸਾਨਾਂ ਦੀਆਂ ਉਮੀਦਾਂ ’ਤੇ ਫਿਰਿਆ ਸਿਰਸਾ ਨਦੀ ਦਾ ਪਾਣੀ
ਘਨੌਲੀ (ਜਗਮੋਹਨ ਸਿੰਘ): ਅੱਜ ਸਿਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਲਗਪਗ 150 ਏਕੜ ਜ਼ਮੀਨ ਵਿੱਚ ਹੜ੍ਹ ਦਾ ਪਾਣੀ ਘੁੰਮ ਗਿਆ। ਇਸ ਪਾਣੀ ਕਾਰਨ ਝੋਨਾ ਲਗਾ ਰਹੇ ਬਹੁਤ ਸਾਰੇ ਕਿਸਾਨਾਂ ਦੀ ਫ਼ਸਲ ਪਾਣੀ ਵਿੱਚ ਰੁੜ ਗਈ। ਪਿੰਡ ਆਸਪੁਰ ਦੇ ਸਰਪੰਚ ਰਣਬੀਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਿਰਸਾ ਨਦੀ ਸਤਲੁਜ ਦਰਿਆ ਦੇ ਕਿਨਾਰੇ ਵਸੇ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਲਈ ਬੜੀ ਮੁਸੀਬਤ ਬਣੀ ਹੋਈ ਹੈ ਅਤੇ ਇਨ੍ਹਾਂ ਪਿੰਡਾਂ ਦੇ ਖੇਤਾਂ ਵਿੱਚ ਲਗਾਇਆ ਝੋਨਾ ਹਰ ਸਾਲ ਨਦੀ ’ਚ ਰੁੜ ਜਾਂਦਾ ਹੈ, ਪਰ ਹਾਲੇ ਤੱਕ ਕਿਸਾਨਾਂ ਨੂੰ ਇੱਕ ਧੇਲਾ ਵੀ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇਸ ਸਾਲ ਕਰੋਨਾ ਵਾਇਰਸ ਕਾਰਨ ਮਜ਼ਦੂਰਾਂ ਦੀ ਘਾਟ ਹੋਣ ਕਾਰਨ ਮਜ਼ਦੂਰ ਪਿਛਲੇ ਸਾਲ ਨਾਲੋਂ ਦੁੱਗਣੇ ਤੋਂ ਵੱਧ ਰੇਟਾਂ ’ਤੇ ਝੋਨਾ ਲਗਵਾ ਰਹੇ ਹਨ ਅਤੇ ਇਨ੍ਹਾਂ ਪਿੰਡਾਂ ਦੇ ਗਰੀਬ ਕਿਸਾਨਾਂ ਦੁਆਰਾ ਮਹਿੰਗੇ ਭਾਅ ’ਤੇ ਲਗਵਾਇਆ ਗਿਆ ਝੋਨਾ ਸਿਰਸਾ ਨਦੀ ਰੋੜ੍ਹ ਕੇ ਲੈ ਗਈ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਲਈ ਤੁਰੰਤ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ।