ਸੰਜੀਵ ਬੱਬੀ
ਚਮਕੌਰ ਸਾਹਿਬ, 23 ਦਸੰਬਰ
ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਹਲਕੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਥੀਮ ਪਾਰਕ ਵਿਚ ਨਾਟਕ ‘ਚਮਕੌਰ ਦੀ ਗੜ੍ਹੀ’ ਵਿਖਾਇਆ ਗਿਆ, ਜਿਸ ਨੂੰ ਵੇਖ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜ਼ੂਦ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਲਾਸਾਨੀ ਪਲਾਂ ਨੂੰ ਯਾਦ ਕਰਵਾਉਂਦੇ ਪੋਹ ਮਹੀਨੇ ਦੀਆਂ ਠੰਢੀਆਂ ਰਾਤਾਂ ਦੇ ਪਲਾਂ ਦੌਰਾਨ ਖਚਾ-ਖਚ ਭਰੇ ਓਪਨ ਏਅਰ ਥੀਏਟਰ ਵਿੱਚ ਸੰਗਤ ਵੱਲੋਂ ਲਗਾਏ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨੇ ਅਸਮਾਨ ਗੂੰਜਣ ਲਾ ਦਿੱਤਾ। ਸ਼੍ਰੋਮਣੀ ਨਿਰਮਾਤਾ ਹਰਬਖਸ਼ ਲਾਟਾ ਵੱਲੋਂ ਤਿਆਰ ਕਰਵਾਏ ਗਏ ਇਸ ਨਾਟਕ ਨੂੰ ਪੇਸ਼ ਕਰਨ ਵਾਲੇ ਕਲਾਕਾਰਾਂ ਨੇ ਸੰਗਤ ਨੂੰ ਅਪਣੀ ਅਦਾਕਾਰੀ ਨਾਲ ਇਸ ਕਦਰ ਕੀਲਿਆ ਕਿ ਨਾਟਕ ਵੇਖਣ ਵਾਲਿਆਂ ਦੀਆਂ ਅੱਖਾਂ ਆਪ ਮੁਹਾਰੇ ਨਮ ਹੋ ਗਈਆਂ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਇਹ ਨਾਟਕ ਕਰਵਾਉਣ ਦੇ ਲਈ ਇਸ ਕਰ ਕੇ ਕਿਹਾ ਕਿ ਸਿੱਖ ਇਤਿਹਾਸ ਦੀ ਮਿਸਾਲ ਕਿਤੇ ਨਹੀਂ ਮਿਲਦੀ, ਜਿਸ ’ਤੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਦੀ ਬੀਰ ਗਾਥਾ ਨੂੰ ਸਮੁੱਚੀ ਮਾਨਵਤਾ ਖਾਸ ਕਰਕੇ ਨੌਜਵਾਨ ਪੀੜ੍ਹੀ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਸਿੱਖੀ ਸਰੂਪ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਥੀਮ ਪਾਰਕ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਸ ਮੌਕੇ ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ, ਡੀਐੱਸਪੀ ਸੁਖਜੀਤ ਸਿੰਘ ਵਿਰਕ, ਸੈਰ ਸਪਾਟਾ ਵਿਭਾਗ ਦੇ ਐਕਸੀਅਨ ਭੁਪਿੰਦਰ ਸਿੰਘ ਚਾਨਾ, ਚੇਅਰਮੈਨ ਕਰਨੈਲ ਸਿੰਘ, ਸਮਿਤੀ ਮੈਂਬਰ ਰੋਹਿਤ ਸੱਭਰਵਾਲ, ਸਰਪੰਚ ਲਖਵਿੰਦਰ ਸਿੰਘ ਭੂਰਾ ਹਾਜ਼ਰ ਸਨ।
ਕੈਂਸਰ ਜਾਂਚ ਕੈਂਪ ਲਗਾਇਆ
ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਆਦਰਸ਼ ਐਜ਼ੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਅਤੇ ਜੋਤ ਹਸਪਤਾਲ ਵੱਲੋਂ ਆਦਰਸ਼ ਭਵਨ ਵਿਚ ਸਾਲਾਨਾ ਕੈਂਸਰ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ 311 ਵਿਅਕਤੀਆਂ ਅਤੇ 205 ਔਰਤਾਂ ਦੇ ਮੈਮੋਗ੍ਰਾਫੀ, ਪੈਪ ਸਮੀਅਰ, ਪੀਐੱਸਏ, ਬਲੱਡ ਟੈਸਟ, ਹੱਡੀਆਂ ਦੇ ਟੈਸਟ, ਮੂੰਹ ਦੇ ਟੈਸਟ ਆਦਿ ਕਰਵਾਏ ਅਤੇ ਮਾਹਿਰ ਡਾਕਟਰਾਂ ਤੇ ਵੀਡੀਓ ਦੁਆਰਾ ਕੈਂਸਰ ਤੋਂ ਬਚਣ ਲਈ ਜਾਣਕਾਰੀ ਹਾਸਲ ਕੀਤੀ। ਟੀਮ ਇੰਚਾਰਜ ਡਾ. ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕੈਂਪ ਦੌਰਾਨ ਹਾਈ ਬਲੱਡ ਪ੍ਰੈੱਸ਼ਰ ਦੇ 69, ਹਾਈ ਸ਼ੂਗਰ ਦੇ 77 ਤੇ ਸ਼ੂਗਰ ਦੇ 36 ਨਵੇਂ ਮਰੀਜ਼ ਨੋਟ ਹੋਏ।