ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਨਵੰਬਰ
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਹਾਲ ਹੀ ਵਿੱਚ ਕੀਤੀ ਨਵੀਂ ਵਾਰਡਬੰਦੀ ਦੇ ਨਕਸ਼ੇ ਅਨੁਸਾਰ ਪਿੰਡ ਕੁੰਭੜਾ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਰੋਹ ਵਿੱਚ ਆਏ ਲੋਕਾਂ ਨੇ ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਅੱਜ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਾਕ ਸਮਿਤੀ ਦੀ ਸਾਬਕਾ ਮੈਂਬਰ ਗੁਰਨਾਮ ਕੌਰ, ਮਨਜੀਤ ਸਿੰਘ, ਕਾਕਾ ਸਿੰਘ, ਲਾਭ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਨੰਬਰਦਾਰ ਓਂਕਾਰ ਸਿੰਘ, ਨੰਬਰਦਾਰ ਜਸਵੀਰ ਸਿੰਘ ਤੇ ਹਰਬੰਸ ਸਿੰਘ ਨੇ ਕਿਹਾ ਕਿ ਕੁੰਭੜਾ ਨੂੰ ਵਾਰਡ ਨੰਬਰ-26, ਵਾਰਡ ਨੰਬਰ-27 ਅਤੇ ਵਾਰਡ ਨੰਬਰ-28 ਵਿੱਚ ਵੰਡ ਦਿੱਤਾ ਗਿਆ ਹੈ ਜਦੋਂਕਿ ਪਹਿਲਾਂ ਸਿਰਫ਼ ਦੋ ਵਾਰਡ ਸਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਇਸ ‘ਬੇਤੁਕੀ’ ਵਾਰਡਬੰਦੀ ਤੋਂ ਬੇਹੱਦ ਔਖੇ ਹਨ। ਉਨ੍ਹਾਂ ਮੰਗ ਕੀਤੀ ਕਿ ਕੁੰਭੜਾ ਨੂੰ ਪਹਿਲਾਂ ਵਾਂਗ ਦੋ ਵਾਰਡਾਂ ਵਿੱਚ ਹੀ ਰਹਿਣ ਦਿੱਤਾ ਜਾਵੇ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਨਗਰ ਨਿਗਮ ਨੇ ਲੋਕਾਂ ਦੀ ਇਸ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹ ਨਗਰ ਨਿਗਮ ਚੋਣਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ।
ਪਿੰਡ ਨੂੰ ਦੋ ਹਿੱਸਿਆਂ ’ਚ ਹੀ ਰੱਖਣ ਦੀ ਮੰਗ
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਅਤੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿੰਡ ਕੁੰਭੜਾ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਦੀ ਥਾਂ ਸਿਰਫ਼ ਦੋ ਹਿੱਸਿਆ ਵਿੱਚ ਹੀ ਰੱਖਿਆ ਜਾਵੇ। ਊਨ੍ਹਾਂ ਕਿਹਾ ਕਿ ਨਵੀਂ ਵਾਰਡਬੰਦੀ ਵਿੱਚ 33 ਫੀਸਦੀ ਰਾਖਵੇਂਕਰਨ ਦੇ ਕੋਟੇ ਮੁਤਾਬਕ ਅਨੁਸੂਚਿਤ ਜਾਤੀ ਲਈ ਲਗਭਗ 16 ਸੀਟਾਂ ਦਿੱਤੀਆਂ ਜਾਣੀਆਂ ਬਣਦੀਆਂ ਸਨ ਪਰ ਵਾਰਡਬੰਦੀ ਦੇ ਪ੍ਰਸਤਾਵਿਤ ਨਕਸ਼ੇ ਅਨੁਸਾਰ ਮੁਹਾਲੀ ਵਿੱਚ ਸਿਰਫ਼ 5 ਸੀਟਾਂ ਅਨੁਸੂਚਿਤ ਜਾਤੀ ਅਤੇ 2 ਬੀਸੀ/ਓਬੀਸੀ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਦਲਿਤ ਅਤੇ ਪਛੜੇ ਵਰਗ ਦੇ ਲੋਕਾਂ ਤੋਂ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਨਿਗਮ ਚੋਣਾਂ ਵਿੱਚ ਰਾਖਵੇਂਕਰਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ।