ਕਰਮਜੀਤ ਸਿੰਘ ਚਿੱਲਾ
ਬਨੂੜ, 30 ਅਪਰੈਲ
ਪਿਛਲੇ ਪੰਜ ਦਿਨਾਂ ਤੋਂ ਬਨੂੜ ਖੇਤਰ ਵਿੱਚ ਬਿਜਲੀ ਦੇ ਪੰਦਰਾਂ-ਪੰਦਰਾਂ ਘੰਟੇ ਦੇ ਲੰਮੇ ਕੱਟਾਂ ਅਤੇ ਪਾਵਰ ਸਪਲਾਈ ਦੀ ਅਣਹੋਂਦ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਕਹਿਰ ਦੀ ਸਖ਼ਤ ਗਰਮੀ ਪੈਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਕਿਸਾਨ ਆਗੂਆਂ ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਜੱਗੀ, ਲਖਵਿੰਦਰ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਜਰਨੈਲ ਸਿੰਘ ਗੋਬਿੰਦਗੜ੍ਹ, ਹਰਪਾਲ ਸਿੰਘ ਬਠਲਾਣਾ, ਰਿੰਕੂ ਦੈੜੀ ਨੇ ਦੱਸਿਆ ਸਾਰਾ-ਸਾਰਾ ਦਿਨ ਬਿਜਲੀ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਪਾਵਰ ਸਪਲਾਈ ਨਾ ਮਾਤਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਸਬਜ਼ੀਆਂ, ਹਰਾ ਚਾਰਾ ਅਤੇ ਹੋਰ ਫ਼ਸਲਾਂ ਸੁੱਕਣ ਲੱਗੀਆਂ ਹਨ। ਕਿਸਾਨਾਂ ਨੇ ਆਖਿਆ ਕਿ ਬਿਨਾਂ ਕਿਸੇ ਦੇਰੀ ਤੋਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਬਨੂੜ ਵਿੱਚ ਪਾਵਰਕੌਮ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ।
ਉਧਰ, ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਬਿਜਲੀ ਕੱਟਾਂ ਕਾਰਨ ਲੋਕਾਂ ਵਿੱਚ ਪਾਏ ਜਾ ਰਹੇ ਗੁੱਸੇ ਨੂੰ ਵੇਖਦਿਆਂ ਗਰਿੱਡਾਂ ਲਈ ਸੁਰੱਖਿਆ ਮੰਗਣੀ ਸ਼ੁਰੂ ਕਰ ਦਿੱਤੀ ਹੈ। ਪਾਵਰਕੌਮ ਦੀ ਖੇੜਾ ਗੱਜੂ ਉੱਪ ਮੰਡਲ ਦੇ ਐੱਸਡੀਓ ਨੇ ਥਾਣਾ ਬਨੂੜ ਨੂੰ ਇਸ ਸਬੰਧੀ ਲਿਖਤੀ ਪੱਤਰ ਭੇਜਿਆ ਹੈ। ਉਨ੍ਹਾਂ ਲਿਖਿਆ ਹੈ ਕਿ ਬਿਜਲੀ ਕੱਟਾਂ ਕਾਰਨ ਲੋਕਾਂ ਦੇ ਇਕੱਠੇ ਹੋ ਕੇ ਗਰਿੱਡਾਂ ਵਿੱਚ ਆ ਕੇ ਕਰਮਚਾਰੀਆਂ ਨਾਲ ਗਾਲੀ ਗਲੋਚ ਕਰਨ ਦਾ ਡਰ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਰਾਤ ਸਮੇਂ ਗਰਿੱਡ ਵਿੱਚ ਘੱਟੋ-ਘੱਟ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ ਜਾਂ ਫ਼ਿਰ ਇਸ ਖੇਤਰ ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ।
ਇਸੇ ਦੌਰਾਨ ਮੋਹੀ ਕਲਾਂ ਦੇ ਵਸਨੀਕਾਂ ਨੇ ਅੱਜ ਬਿਜਲੀ ਦੀ ਨਾਕਸ ਸਪਲਾਈ ਵਿਰੁੱਧ ਧਰਨਾ ਦਿੱਤਾ। ਪਿੰਡ ਵਾਸੀਆਂ ਵੱਲੋਂ ਬਿਜਲੀ ਗਰਿੱਡ ਲਈ ਦਸ ਵਿੱਘੇ ਮੁਫ਼ਤ ਜ਼ਮੀਨ ਦੇਣ ਦੇ ਬਾਵਜੂਦ ਚੌਵੀ ਘੰਟੇ ਬਿਜਲੀ ਸਪਲਾਈ ਨਾ ਦੇਣ ਵਿਰੁੱਧ ਰੋਸ ਪ੍ਰਗਟ ਕੀਤਾ।
ਪਿੰਡ ਵਾਸੀਆਂ ਨੇ ਬਨੂੜ ਦੇ ਐੱਸਡੀਓ ਮਨਦੀਪ ਅੱਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਨਿਰਵਿਘਨ ਪਾਵਰ ਸਪਲਾਈ ਨਾ ਮਿਲਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਲੋਕਾਂ ਨੇ ਬਿਜਲੀ ਦਫ਼ਤਰ ਨੂੰ ਜਿੰਦਰਾ ਲਾਇਆ
ਪੰਚਕੂਲਾ (ਪੀ.ਪੀ. ਵਰਮਾ) ਪੰਚਕੂਲਾ ਜ਼ਿਲ੍ਹੇ ਦੇ ਪਿੰਡ ਬਾਗ਼ਵਾਲੀ, ਬਾਗ਼ਵਾਲਾ, ਠਰਵਾ, ਕੱਕਰਾਣੀ, ਗੋਲਪੁਰਾ, ਬੈਵਲਪੁਰ, ਮੌਲੀ ਅਤੇ ਹੋਰ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਬਰਵਾਲਾ ਬਿਜਲੀ ਦਫ਼ਤਰ ਨੂੰ ਜਿੰਦਰਾ ਲਗਾ ਦਿੱਤਾ ਹੈ। ਬਿਜਲੀ ਕੱਟਾਂ ਖ਼ਿਲਾਫ਼ ਇਨ੍ਹਾਂ ਪਿੰਡਾਂ ਦੇ ਲੋਕ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਏ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਇਨ੍ਹਾਂ ਬਿਜਲੀ ਦੇ ਕੱਟਾਂ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਜਗਮਗ ਯੋਜਨਾ ਦੇ ਅਧੀਨ 24 ਘੰਟੇ ਬਿਜਲੀ ਦੇਣ ਦਾ ਦਾਅਵਾ ਕੀਤਾ ਗਿਆ ਸੀ ਜਿਹੜਾ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਗਿਆ ਹੈ। ਮੌਕੇ ’ਤੇ ਐੱਸਡੀਓ ਅਸ਼ੀਸ਼ ਚੋਪੜਾ ਨੇ ਧਰਨਾਕਾਰੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਵੇਰੇ 4 ਵਜੇ ਤੋਂ ਰਾਤ ਦੇ 9 ਵਜੇ ਤੱਕ ਪੂਰੀ ਬਿਜਲੀ ਮਿਲਿਆ ਕਰੇਗੀ।