ਪੀ.ਪੀ. ਵਰਮਾ
ਪੰਚਕੂਲਾ, 19 ਜੂਨ
ਕਾਲਕਾ ਨਗਰ ਪਰਿਸ਼ਦ ਦੀਆਂ ਚੋਣਾਂ ਲਈ ਵੋਟਾਂ ਅੱਜ ਸ਼ਾਮ ਛੇ ਵਜੇ ਤੱਕ ਅਮਨ ਅਮਾਨ ਨਾਲ ਪਈਆਂ। ਵੋਟਾਂ 31 ਵਾਰਡਾਂ ਲਈ 97 ਪੋਲਿੰਗ ਸਟੇਸ਼ਨਾਂ ’ਤੇ ਪਈਆਂ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਅਨੁਸਾਰ ਵੋਟਾਂ ਦੌਰਾਨ ਅਮਨ-ਅਮਾਨ ਦੀ ਸਥਿਤੀ ਬਣੀ ਰਹੀ। 97 ਮਤਦਾਨ ਕੇਂਦਰਾਂ ਉੱਤੇ 760 ਪੁਲੀਸ ਮੁਲਾਜ਼ਮ ਨਿਯੁਕਤ ਕੀਤੇ ਗਏ ਸਨ। 10 ਪੋਲਿੰਗ ਪਾਰਟੀਆਂ ਤੈਨਾਤ ਕੀਤੀਆਂ ਗਈ ਸਨ। ਕਾਲਕਾ ਵਿੱਚ ਨਗਰ ਪਰਿਸ਼ਦ ਲਈ ਵੋਟ ਪ੍ਰਤੀਸ਼ਤਾ 70% ਦੇ ਕਰੀਬ ਰਹੀ। ਕਾਲਕਾ ਨਗਰ ਪਰਿਸ਼ਦ ਬਣਨ ਤੋਂ ਬਾਅਦ ਨਗਰ ਪਰਿਸ਼ਦ ਦੀਆਂ ਇਹ ਪਹਿਲੀਆਂ ਚੋਣਾਂ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ 28 ਵਧੇਰੇ ਸੰਵੇਦਨਸ਼ੀਲ ਅਤੇ 17 ਸੰਵੇਧਨਸ਼ੀਲ ਮਤਦਾਨ ਕੇਂਦਰਾਂ ’ਤੇ ਵੱਡੀ ਗਿਣਤ ਵਿੱਚ ਪੁਲੀਸ ਤੈਨਾਤ ਕੀਤੀ ਸੀ। ਕਾਲਕਾ ਨਗਰ ਪਰਿਸ਼ਦ ਵਿੱਚ ਕੁਲ 87617 ਵੋਟਰ ਹਨ। ਜਿਨ੍ਹਾਂ ਵਿੱਚੋਂ 45031 ਪੁਰਸ਼ ਅਤੇ 42180 ਮਹਿਲਾਵਾਂ ਤੋਂ ਇਲਾਵਾ 6 ਟਰਾਂਸਜੈਂਡਰ ਵੋਟਰ ਹਨ। ਇਨ੍ਹਾਂ ਵੋਟਾਂ ਵਿੱਚ 10 ਨਗਰ ਪਰਿਸ਼ਦ ਦੇ ਪ੍ਰਧਾਨ ਲਈ ਚੋਣਾਂ ਲੜ ਰਹੇ ਸੀ ਜਦੋਂਕਿ ਬਾਕੀ 135 ਕੌਂਸਲਰਾਂ ਦੀ ਚੋਣ ਲੜ ਰਹੇ ਸਨ। ਇਨ੍ਹਾਂ ਚੋਣਾਂ ਦਾ ਨਤੀਜਾ 23 ਜੂਨ ਨੂੰ ਨਿਕਲੇਗਾ। ਅੱਜ ਚੋਣਾਂ ਤੋਂ ਬਾਅਦ ਈਵੀਐੱਮ ਮਸੀਨਾਂ ਨੂੰ ਕੰਟਰੋਲ ਰੂਮ ਵਿੱਚ ਰੱਖ ਦਿੱਤਾ ਗਿਆ। ਕਾਲਕਾ ਦੀ ਐੱਸਡੀਐੱਮ ਤੇ ਰਿਟਰਨਿੰਗ ਅਧਿਕਾਰੀ ਰੂਚੀ ਸਿੰਘ ਬੇਦੀ ਅਨੁਸਾਰ ਜਿੱਥੇ ਈਵੀਐੱਮ ਮਸ਼ੀਨਾਂ ਰੱਖੀਆਂ ਗਈਆਂ ਹਨ ਉੱਥੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤੈਨਾਤ ਕੀਤੀ ਗਈ ਹੈ। ਹਰਿਆਣਾ ਦੇ ਚੋਣ ਕਮਿਸ਼ਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 31 ਵਾਰਡਾਂ ਦੀਆਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ।