ਹਰਜੀਤ ਸਿੰਘ
ਡੇਰਾਬੱਸੀ, 19 ਫਰਵਰੀ
ਹਲਕਾ ਡੇਰਾਬੱਸੀ ਦੇ ਵੋਟਰਾਂ ਨੇ ਐਤਵਾਰ ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਚੁੱਪੀ ਧਾਰੀ ਹੋਈ ਹੈ। ਵੋਟਰ ਆਪਣੇ ਮਨ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰ ਰਹੇ। ਵੋਟਰਾਂ ਦੀ ਇਸ ਚੁੱਪੀ ਨੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਫ਼ਿਕਰਮੰਦੀ ਵਧਾਈ ਹੋਈ ਹੈ। ਉਧਰ, ਸਿਆਸੀ ਮਾਹਿਰ ਵੀ ਵੋਟਰਾਂ ਦੇ ਮਨ ਦਾ ਰਹੱਸ ਨਹੀਂ ਜਾਣ ਪਾ ਰਹੇ।
ਸ਼ਾਇਦ ਇਹ ਪਹਿਲੀਆਂ ਚੋਣਾਂ ਹਨ ਜਦੋਂ ਡੇਰਾਬੱਸੀ ਦੇ ਵੋਟਰ ਆਪਣੇ ਮਨ ਦਾ ਭੇਦ ਨਹੀਂ ਖੋਲ੍ਹ ਰਹੇ। ਹਲਕੇ ਵਿੱਚ ਮੁੱਖ ਚਾਰੇ ਪਾਰਟੀਆਂ ਦੀਆਂ ਚੋਣ ਰੈਲੀਆਂ, ਮੀਟਿੰਗਾਂ ਸਣੇ ਹੋਰ ਸਰਗਰਮੀਆਂ ਵਿੱਚ ਲੋਕਾਂ ਦੀ ਪੂਰੀ ਭੀੜ ਰਹੀ, ਜਿਸ ਤੋਂ ਵੋਟਰਾਂ ਦੇ ਰੁਝਾਨ ਦਾ ਪਤਾ ਲਾਉਣਾ ਮੁਸ਼ਕਲ ਹੈ। ਉਮੀਦਵਾਰਾਂ ਵੱਲੋਂ ਆਪਣੇ ਪੱਧਰ ’ਤੇ ਕਰਵਾਏ ਸਰਵੇਖਣ ਵਿੱਚ ਵੀ ਸਥਿਤੀ ਸਪਸ਼ਟ ਹੁੰਦੀ ਨਜ਼ਰ ਨਹੀਂ ਆ ਰਹੀ।
ਇਸ ਸਬੰਧੀ ਇੱਕ ਸਿਆਸੀ ਮਾਹਿਰ ਨੇ ਕਿਹਾ ਕਿ ਹਲਕੇ ਵਿੱਚ ਪਹਿਲੀ ਵਾਰ ਚਿਰਕੋਣਾ ਮੁਕਾਬਲਾ ਹੈ, ਜਿਸ ਕਾਰਨ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਵੋਟਰ ਹੁਣ ਸਮਝਦਾਰ ਵੀ ਹੋ ਗਿਆ ਹੈ ਜੋ ਹਰੇਕ ਉਮੀਦਵਾਰ ਨੂੰ ਹਾਂ-ਪੱਖੀ ਰੁਝਾਨ ਦੇ ਰਿਹਾ ਹੈ ਪਰ ਆਪਣੀ ਦਿਲ ਦੀ ਗੱਲ ਸਾਂਝੀ ਨਹੀਂ ਕਰ ਰਿਹਾ। ਇਕ ਹੋਰ ਸਿਆਸੀ ਮਾਹਿਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਲਾਈਆਂ ਕਰੋਨਾ ਪਾਬੰਦੀਆਂ ਕਾਰਨ ਵੀ ਕਿਸੇ ਇੱਕ ਉਮੀਦਵਾਰ ਦੀ ਸਿਆਸੀ ਹਵਾ ਨਹੀਂ ਬਣ ਸਕੀ।