ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 22 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਵਿੱਚ 23 ਅਗਸਤ 2010 ਤੋਂ ਪਹਿਲਾਂ ਦੇ ਜੁਆਈਨ ਅਤੇ ਈਟੀਟੀ ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀਈਟੀ ਤੋਂ ਛੂਟ ਦੇਣ ਦਾ ਪੱਤਰ ਜਾਰੀ ਕੀਤਾ ਹੈ। ਇਸ ਸਬੰਧੀ ਅੱਜ ਇਨ੍ਹਾਂ ਅਧਿਆਪਕਾਂ ਨੇ ਮਿਲ ਕੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਵਿੱਚ ਪਹੁੰਚ ਕੇ ਉਨ੍ਹਾਂ ਧੰਨਵਾਦ ਕੀਤਾ ਤੇ ਆਪਣੀਆਂ ਹੋਰ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਜਗਸੀਰ ਸਿੰਘ ਘਾਰੂ ਸਟੇਟ ਕਨਵੀਨਰ ਸਿੱਖਿਆ ਪ੍ਰੋਵਾਈਡਰ ਨੇ ਦੱਸਿਆ ਕਿ ਸਿੱਖਿਆ ਪ੍ਰੋਵਾਈਡਰ, ਈਜੀਐੱਸ, ਏਆਈਈ, ਐੱਸਟੀਆਰ ਤੇ ਆਈਈਵੀ ਨੂੰ ਸਰਕਾਰ ਨੇ ਬਹੁਤ ਹੀ ਖ਼ੁਸ਼ੀ ਦੇ ਪਲ ਦਿੱਤੇ ਹਨ। 23 ਅਗਸਤ 2010 ਤੋਂ ਪਹਿਲਾਂ ਦੇ ਜੁਆਇਨ ਅਤੇ ਈਟੀਟੀ ਅਤੇ ਬੀਐੱਡ ਪਾਸ ਵਲੰਟੀਅਰ ਅਧਿਆਪਕਾਂ ਨੂੰ ਟੀਈਟੀ ਤੋਂ ਛੂਟ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਬਾਅਦ ਨੌਕਰੀ ਲਈ ਅਪਲਾਈ ਕਰਨ ਦਾ ਮੌਕਾ ਦੇ ਦਿੱਤਾ ਹੈ।