ਮਿਹਰ ਸਿੰਘ
ਕੁਰਾਲੀ, 29 ਸਤੰਬਰ
ਨੇੜਲੇ ਪਿੰਡ ਸਿੰਘਪੁਰਾ ਦੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਆਦਿ ਦੇ ਪ੍ਰਬੰਧ ਦੇਖਣ ਲਈ ਕੇਂਦਰ ਅਤੇ 11 ਸੂਬਿਆਂ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ। ਟੀਮ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਸਿੰਘਪੁਰਾ ਵਾਸੀਆਂ ਨੂੰ ਮਿਲ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਯੂਨੀਸੈੱਫ, ਕੇਂਦਰ ਸਰਕਾਰ ਦਾ ਜਲ ਸ਼ਕਤੀ ਮੰਤਰਾਲਾ, ਸੂਬਿਆਂ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੇ ਅਧਿਕਾਰੀਆਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਪੰਜ ਦਰਜਨ ਤੋਂ ਵਧੇਰੇ ਪ੍ਰਤੀਨਿਧਾਂ ਦੀ ਟੀਮ ਪਿੰਡ ਸਿੰਘਪੁਰਾ ਪੁੱਜੀ। ਯੂਨੀਸੈੱਫ ਦੇ ਅਧਿਕਾਰੀ ਜਸਿੰਦਰਾ ਮੈਥਿਊ, ਜਲ ਸ਼ਕਤੀ ਮੰਤਰਾਲੇ ਵੱਲੋਂ ਮਨੀਸ਼ ਵਸੂਜਾ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਵਲੋਂ ਕਮਲ ਕਿਸ਼ੋਰ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਮੈਡਮ ਰਿੰਪੀ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਅਤੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਪ੍ਰਬੰਧ ਦੇਖੇ। ਉਨ੍ਹਾਂ ਪਿੰਡ ਦੀ ਸਾਫ਼-ਸਫਾਈ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਟੀਮ ਦੇ ਮੈਂਬਰਾਂ ਨੇ ਪਿੰਡ ਦੇ ਵਸਨੀਕਾਂ ਨਾਲ ਰਾਬਤਾ ਕਾਇਮ ਕਰਦਿਆਂ ਪਿੰਡ ਵਿੱਚ ਮਿਲ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਸ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਸਬੰਧੀ ਵੀ ਜਾਣਕਾਰੀ ਲਈ। ਪਿੰਡ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਸਾਧੂ ਸਿੰਘ ਨੇ ਪੀਣ ਵਾਲੇ ਪਾਣੀ, ਸੀਵਰੇਜ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰਬੰਧ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਕਮੇਟੀ ਤੇ ਪੰਚਾਇਤ ਵਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਜਗਨਾਹਰ ਸਿੰਘ, ਬਲਜੀਤ ਸਿੰਘ, ਮੱਘਰ ਸਿੰਘ, ਕੁਲਵਿੰਦਰ ਸਿੰਘ, ਚੰਦਨਦੀਪ ਸਿੰਘ, ਮਹਿੰਦਰ ਸਿੰਘ, ਹਰਜੀਤਪਾਲ ਸਿੰਘ, ਦੀਪ ਸਿੰਘ, ਗੁਰਨਾਮ ਸਿੰਘ, ਕੁਲਦੀਪ ਗਾਂਧੀ, ਸੰਜੇ ਕੁਮਾਰ ਤੇ ਰਾਜਦੀਪ ਕੌਰ ਹਾਜ਼ਰ ਸਨ।