ਹਰਜੀਤ ਸਿੰਘ
ਜ਼ੀਰਕਪੁਰ, 12 ਅਕਤੂਬਰ
ਇਥੋਂ ਦੀ ਵੀਆਈਪੀ ਰੋਡ ‘ਤੇ ਲੰਘੇ ਸ਼ੁੱਕਰਵਾਰ ਦੇਰ ਰਾਤ ਗੱਡੀਆਂ ਨੂੰ ਓਵਰਟੇਕ ਕਰਨ ਨੂੰ ਲੈ ਕੇ ਹੋਏ ਅਨਿਲ ਕੁਮਾਰ ਨਾਂ ਦੇ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਸੱਤ ਦੋਸ਼ੀਆਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਵਾਰਦਾਤ ਵਾਲੀ ਰਾਤ ਮੁਲਜ਼ਮਾਂ ਨਾਲ ਮੌਜੂਦ ਕੁੜੀ ਵੀ ਸ਼ਾਮਲ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਵਾਰਦਾਤ ਵਾਲੀ ਰਾਤ ਵਰਤੀਆਂ ਗਈਆਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਹਨ ਜਿਨ੍ਹਾਂ ਵਿੱਚ ਇਕ ਸਿਲਵਰ ਰੰਗ ਦੀ ਫੌਰਚੂਨਰ ਜਿਸ ‘ਤੇ ਜਾਅਲੀ ਨੰਬਰ ਪਲੇਟ ਲਾਈ ਹੋਈ ਸੀ ਅਤੇ ਲਾਲ ਰੰਗ ਦੀ ਸਵਿਫ਼ਟ ਸ਼ਾਮਲ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਮੇਸ਼ ਲਾਲ ਵਾਸੀ ਜ਼ਿਲ੍ਹਾ ਚੰਬਾ (ਹਿਮਾਚਲ ਪ੍ਰਦੇਸ਼), ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਮੋਤਲਾਵਾਲਾ ਥਾਣਾ ਬਰੀਵਾਲਾ ਜ਼ਿਲ੍ਹਾ ਮੁਕਤਸਰ ਅਤੇ ਲੜਕੀ ਦੀ ਪਛਾਣ ਰਮਨਦੀਪ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਦੂਜੇ ਪਾਸੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈਪੀ ਬਰਾੜਸਣੇ ਹਾਲੇ ਚਾਰ ਦੋਸ਼ੀ ਪੁਲੀਸ ਦੀ ਪਹੁੰਚ ਤੋਂ ਫ਼ਰਾਰ ਹਨ। ਜਾਣਕਾਰੀ ਅਨੁਸਾਰ ਮੁੱਖ ਮੁਲਜ਼ਮ ਹੈਪੀ ਬਰਾੜ ਨਾਲ ਉਸ ਦੀ ਫੌਰਚੂਨਰ ਗੱਡੀ ਵਿੱਚ ਉਸ ਦੇ ਪਿੰਡ ਦਾ ਵਸਨੀਕ ਲਾਲੀ ਬਰਾੜ ਅਤੇ ਉੱਕਤ ਲੜਕੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਮੁਲਜ਼ਮ ਹੈਪੀ ਬਰਾੜ ਨੂੰ ਮਾਨਸਾ ਤੋਂ ਮਿਲਣ ਲਈ ਆਈ ਸੀ। ਜਾਣਕਾਰੀ ਅਨੁਸਾਰ ਕਤਲ ਦਾ ਮੁੱਖ ਮੁਲਜ਼ਮ ਹੈਪੀ ਬਰਾੜ ਅਤੇ ਲਾਲੀ ਬਰਾੜ ਡਿਸਕੋ ਕਲੱਬਾਂ ਵਿੱਚ ਜਾਣ ਦੇ ਸੌਕੀਨ ਹਨ ਜੋ ਵਾਰਦਾਤ ਵਾਲੀ ਰਾਤ ਵੀ ਡਿਸਕੋ ਕਲੱਬ ਵਿੱਚੋਂ ਵਾਪਸ ਆ ਰਹੇ ਸੀ ਜਿਸ ਦੌਰਾਨ ਰਾਹ ਵਿੱਚ ਓਵਰਟੇਕ ਨੂੰ ਲੇੈ ਕੇ ਕਤਲ ਕਰ ਦਿੱਤਾ ਗਿਆ। ਚਾਰ ਮੁਲਜ਼ਮਾਂ ਨੂੰ ਹੈਪੀ ਬਰਾੜ ਨੇ ਫੋਨ ਕਰਕੇ ਬੁਲਾਇਆ ਸੀ ਜੋ ਅੱਜ ਬਰਾਮਦ ਕੀਤੀ ਲਾਲ ਰੰਗ ਦੀ ਸਵਿਫ਼ਟ ਕਾਰ ਵਿੱਚ ਆਏ ਸੀ। ਇਨ੍ਹਾਂ ਵਿੱਚੋਂ ਪੁਲੀਸ ਨੇ ਅੱਜ ਦੋ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਫ਼ਰਾਰ ਹਨ। ਡੀ.ਐਸ.ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।