ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਅੱਜ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ 316 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ਸਭ ਤੋਂ ਫਾਡੀ ਰਿਹਾ, ਜਦੋਂਕਿ ਇੱਥੇ ਜ਼ਿਆਦਾਤਰ ਸਿਫ਼ਾਰਸ਼ੀ ਅਤੇ ਸਿਆਸੀ ਰਸੂਖ਼ ਵਾਲੇ ਅਧਿਆਪਕ ਮੌਜਾਂ ਮਾਣ ਰਹੇ ਹਨ।
ਕਾਫ਼ੀ ਅਧਿਆਪਕ ਡੈਪੂਟੇਸ਼ਨ ਉੱਤੇ ਅਤੇ ਵੱਡੀ ਗਿਣਤੀ ਅਧਿਆਪਕ ਲੰਮੇ ਸਮੇਂ ਤੋਂ ਮੁਹਾਲੀ ਦੇ ਸਕੂਲਾਂ ਵਿੱਚ ਤਾਇਨਾਤ ਹਨ। ਜਦੋਂਕਿ ਸਿਫ਼ਾਰਸ਼ ਨਾ ਹੋਣ ਕਾਰਨ ਕਈ ਯੋਗ ਅਧਿਆਪਕ ਸਰਕਾਰੀ ਨੇਮਾਂ ਅਨੁਸਾਰ ਆਪਣੀ ਬਦਲੀ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ। ਉਧਰ, ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਦੀ ਲਾਜ ਰੱਖੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀ ਸੋਲਾਨੀ ਪੁੱਤਰੀ ਕਮਲਦੀਪ ਕੁਮਾਰ ਨੇ 650 ’ਚੋਂ 634 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 97.54 ਫੀਸਦੀ ਹੈ। ਸਰਕਾਰੀ ਹਾਈ ਸਕੂਲ ਪਿੰਡ ਦੇਸੂਮਾਜਰਾ ਦੀ ਅਨੂ ਕੁਮਾਰੀ ਨੇ 650 ਅੰਕਾਂ ’ਚੋਂ 629 ਅੰਕ ਲੈ ਕੇ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਮੱਲਿਆ ਹੈ।
ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.77 ਫੀਸਦੀ ਬਣਦੀ ਹੈ। ਇੰਜ ਹੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੋਹਾਣਾ ਦੀ ਹੰਸਿਕਾ ਮੇਹਰਾ ਪੁੱਤਰੀ ਸੰਜੀਵ ਕੁਮਾਰ ਨੇ 650 ਅੰਕਾਂ ’ਚੋਂ 627 ਅੰਕਾਂ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 96.46 ਫੀਸਦੀ ਹੈ। ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਮੁਹਾਲੀ ਜ਼ਿਲ੍ਹੇ ਵਿੱਚ ਅੱਵਲ ਆਉਣ ਵਾਲੀਆਂ ਬੱਚੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾੜੇ ਨਤੀਜੇ ਵਾਲੇ ਸਕੂਲਾਂ ਦਾ ਮੁਲਾਂਕਣ ਕਰਵਾ ਕੇ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ। ਉਨ੍ਹਾਂ ਅਧਿਆਪਕਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਮੁਹਾਲੀ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵਿੱਚ ਸੁਧਾਰ ਲਿਆਉਣ ਲਈ ਬੱਚਿਆਂ ਨੂੰ ਮਿਆਰੀ ਤੇ ਗੁਣਕਾਰੀ ਸਿੱਖਿਆ ਮੁਹੱਈਆ ਕਰਵਾਈ ਜਾਵੇ। ਉਧਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਰੂਪਨਗਰ ਜ਼ਿਲ੍ਹੇ ਦੇ 11 ਵਿਦਿਆਰਥੀਆਂ ਨੇ ਪੰਜਾਬ ਦੀ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਜਿਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਸਸਕੌਰ ਦੇ ਚਾਰ ਵਿਦਿਆਰਥੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਅਤੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ 2-2 ਵਿਦਿਆਰਥੀ, ਸਰਕਾਰੀ ਹਾਈ ਸਕੂਲ ਦਸਗਰਾਈਂ ਦਾ ਇੱਕ ਅਤੇ ਦਸਮੇਸ਼ ਪਬਲਿਕ ਹਾਈ ਸਕੂਲ ਪੁਰਖਾਲੀ ਦਾ ਇੱਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਦਾ ਇੱਕ ਵਿਦਿਆਰਥੀ ਮੈਰਿਟ ਵਿੱਚ ਆਇਆ ਹੈ।
ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਸਲੋਨੀ
ਕੁਰਾਲੀ (ਮਿਹਰ ਸਿੰਘ): ਇੱਥੋਂ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਲੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਅੱਜ ਐਲਾਨੇ ਨਤੀਜੇ ਵਿੱਚ 97.5 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਮੁਹਾਲੀ ਵਿੱਚੋਂ ਪਹਿਲਾ ਅਤੇ ਪੰਜਾਬ ਭਰ ਵਿਚੋਂ 12ਵਾਂ ਰੈਂਕ ਹਾਸਲ ਕੀਤਾ ਹੈ। ਮੈਰਿਟ ਵਿੱਚ ਥਾਂ ਬਣਾ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨ ਵਾਲੀ ਵਿਦਿਆਰਥਣ ਸਲੋਨੀ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਕੁਰਾਲੀ ਦੀ ਐੱਨਆਰਆਈ ਕਲੋਨੀ ਦੀ ਵਸਨੀਕ ਤੇ ਸਿੰਘਪੁਰਾ ਸਕੂਲ ਦੀ ਵਿਦਿਆਰਥਣ ਸਲੋਨੀ ਦੀ ਪ੍ਰਾਪਤੀ ’ਤੇ ਉਸ ਦੇ ਪਿਤਾ ਕਮਲਦੀਪ ਕੁਮਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਲੋਨੀ ਸ਼ੁਰੂ ਤੋਂ ਹੀ ਸਖਤ ਮਿਹਨਤ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਟਿਊਸ਼ਨ ਅਤੇ ਹੋਰ ਕਿਸੇ ਬਾਹਰੀ ਮਦਦ ਤੋਂ ਬਗੈਰ ਹੀ ਸਲੋਨੀ ਨੇ ਮੈਰਿਟ ਵਿੱਚ ਥਾਂ ਬਣਾ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਸਲੋਨੀ ਨੇ ਦੱਸਿਆ ਕਿ ਅਧਿਅਪਾਕਾਂ ਵਲੋਂ ਮਿਲੀ ਅਗਵਾਈ ਅਤੇ ਮਿਹਨਤ ਸਦਕਾ ਹੀ ਉਸ ਨੇ ਇੰਨੇ ਵਧੀਆ ਅੰਕ ਹਾਸਲ ਕਰਨ ਵਿੱਚ ਸਫ਼ਲ ਰਹੀ ਹੈ। ਸਾਧਾਰਨ ਪਰਿਵਾਰ ਨਾਲ ਸਬੰਧਤ ਸਲੋਨੀ ਦੇ ਪਿਤਾ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਸਕਿਓਰਟੀ ਗਾਰਡ ਵਜੋਂ ਸੇਵਾ ਕਰ ਰਹੇ ਹਨ। ਸਲੋਨੀ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ ਤਾਂ ਜੋ ਸਮਾਜ ਦੀ ਸੇਵਾ ਕਰ ਸਕੇ। ਸਿੰਘਪੁਰਾ ਸਕੂਲ ਦੀ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਅਤੇ ਕਲਾਸ ਇੰਚਾਰਜ ਸੁਨੀਤਾ ਰਾਣੀ ਨੇ ਦੱਸਿਆ ਕਿ ਦਸਵੀਂ ਦੇ ਨਤੀਜੇ ਵਿੱਚ ਜ਼ਿਲ੍ਹਾ ਮੁਹਾਲੀ ਦੇ ਹਿੱਸੇ ਕੇਵਲ ਤਿੰਨ ਮੈਰਿਟ ਪੁਜ਼ੀਸ਼ਨਾਂ ਆਈਆਂ ਹਨ, ਜਿਨ੍ਹਾਂ ਵਿੱਚੋਂ ਸਲੋਨੀ ਪਹਿਲੇ ਸਥਾਨ ’ਤੇ ਰਹੀ ਹੈ। ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਅਤੇ ਬਲਾਕ ਨੋਡਲ ਅਫ਼ਸਰ ਬੰਦਨਾ ਪੁਰੀ ਨੇ ਵੀ ਸਲੋਨੀ ਨੂੰ ਵਧਾਈ ਦਿੱਤੀ। ਸਲੋਨੀ ਦੀ ਕਲਾਸ ਇੰਚਾਰਜ ਸੁਨੀਤਾ ਰਾਣੀ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ ਵੀ ਸਲੋਨੀ 98.5 ਫੀਸਦ ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚ ਅੱਵਲ ਅਤੇ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੀ ਹੈ।
ਰੂਪਨਗਰ ਦੇ 11 ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਲ
ਰੂਪਨਗਰ (ਜਗਮੋਹਨ ਸਿੰਘ): ਜ਼ਿਲ੍ਹਾ ਰੂਪਨਗਰ ਦੇ 11 ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਲ ਹੋਏ ਹਨ, ਜਦੋ ਕਿ ਸਰਕਾਰੀ ਹਾਈ ਸਕੂਲ ਸਸਕੌਰ ਦੇ ਵਿਦਿਆਰਥੀ ਗਗਨਦੀਪ ਨੇ ਕੁੱਲ 650 ਅੰਕਾਂ ਵਿੱਚੋ 635 ਅੰਕ ਹਾਸਲ ਕਰਕੇ 97.69 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਰੂਪਨਗਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸਿ਼ਪ ਦੀ ਆਨਵੀ ਗੌਤਮ, ਸਰਕਾਰੀ ਹਾਈ ਸਕੂਲ ਦਸਗਰਾਈ ਦੀ ਹਰਪ੍ਰੀਤ ਕੌਰ, ਦਸਮੇਸ਼ ਪਬਲਿਕ ਸਕੂਲ ਪੁਰਖਾਲੀ ਦੀ ਅਨਮੋਲ ਕੌਰ ਅਤੇ ਸਰਕਾਰੀ ਹਾਈ ਸਕੂਲ ਸਸਕੌਰ ਦੇ ਹਰਿੰਦਰ ਨੇ 631 ਅੰਕ ਲੈ ਕੇ 97.08 ਫੀਸਦੀ ਰਾਹੀਂ ਸਾਂਝੇ ਤੌਰ ’ਤੇ ਜ਼ਿਲ੍ਹਾ ਰੂਪਨਗਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਨਵਜੋਤ ਕੌਰ ਨੇ 630 ਅੰਕ ਲੈ ਕੇ 96.92 ਫੀਸਦੀ ਰਾਹੀਂ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਦੀ ਪਵਨਪ੍ਰੀਤ ਕੌਰ ਅਤੇ ਡੀਏਵੀ ਪਬਲਿਕ ਸਕੂਲ ਰੂਪਨਗਰ ਦੀ ਮਹਿਕ ਨੇ 629 ਅੰਕ ਲੈ ਕੇ 96.77 ਫੀਸਦੀ, ਸਸਕੌਰ ਸਕੂਲ ਦੇ ਵਿਵੇਕ ਸੈਣੀ ਅਤੇ ਇਸੇ ਸਕੂਲ ਦੀ ਸੁਖਲੀਨ ਕੌਰ ਨੇ 628 ਅੰਕ ਲੈ ਕੇ 96.62 ਅਤੇ ਡੀਏਵੀ ਪਬਲਿਕ ਸਕੂਲ ਰੂਪਨਗਰ ਦੀ ਨਵਰਾਜ ਕੌਰ ਨੇ 627 ਅੰਕ ਲੈ ਕੇ 96.47 ਫੀਸਦੀ ਰਾਹੀਂ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੈਰਿਟ ਸੂਚੀ ਵਿੱਚ ਸਸਕੌਰ ਦੇ ਚਾਰ, ਨੰਗਲ ਕੰਨਿਆਂ ਸਕੂਲ ਦੇ ਦੋ, ਡੀਏਵੀ ਸਕੂਲ ਰੂਪਨਗਰ ਦੇ ਦੋ ਅਤੇ ਦਸਗਰਾਈ, ਤਾਜਪੁਰ ਅਤੇ ਪੁਰਖਾਲੀ ਦੇ ਦਸਮੇਸ਼ ਪਬਲਿਕ ਸਕੂਲ ਦੇ ਇੱਕ-ਇੱਕ ਵਿਦਿਆਰਥੀ ਮੈਰਿਟ ਵਿੱਚ ਆਏ ਹਨ।
ਅਨੂ ਕੁਮਾਰੀ ਦਾ ਸਨਮਾਨ
ਖਰੜ (ਸ਼ਸ਼ੀ ਪਾਲ ਜੈਨ): ਦਸਵੀਂ ਦੇ ਨਤੀਜਿਆਂ ਵਿਚ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੀ ਵਿਦਿਆਰਥਣ ਅਨੂ ਕੁਮਾਰੀ ਨੇ 96.77 ਫੀਸਦੀ ਨੰਬਰ ਪ੍ਰਾਪਤ ਕਰਕੇ ਜ਼ਿਲ੍ਹਾ ਮੁਹਾਲੀ ਵਿਚ ਦੂਸਰੀ ਥਾਂ ਪ੍ਰਾਪਤ ਕੀਤੀ ਹੈ। ਉਹ ਪੰਜਾਬ ਦੀ ਮੈਰਿਟ ਸੂਚੀ ਵਿਚ 17ਵੀਂ ਪੁਜ਼ੀਸਨ ਹੈ। ਅੱਜ ਸਕੂਲ ਦੀ ਮੁੱਖ ਅਧਿਆਪਿਕਾ ਖੁਸ਼ਿਵੰਦਰ ਕੌਰ ਅਤੇ ਕਲਾਸ ਇੰਚਾਰਜ ਪਰਮਿੰਦਰ ਕੌਰ ਅਤੇ ਦੂਸਰੇ ਸਟਾਫ ਮੈਂਬਰਾਂ ਨੇ ਅਨੂ ਕੁਮਾਰੀ ਨੂੰ ਸਕੂਲ ਬੁਲਾ ਕੇ ਉਸ ਦਾ ਸਨਮਾਨ ਕੀਤਾ। ਉਸ ਦੇ ਪਿਤਾ ਚੰਦਨ ਮੋਹਨ ਗਿਰੀ ਇੱਕ ਪੇਂਟਰ ਹਨ ਅਤੇ ਮਾਤਾ ਘਰੇਲੂ ਕੰਮ ਕਰਦੀ ਹੈ। ਅਨੂ ਨੂੰ ਸਕੂਲ ਵੱਲੋਂ ਨਵਾਂ ਬੈਗ ਅਤੇ ਲਿਖਣ ਲਈ ਕਾਪੀਆਂ ਭੇਟ ਕੀਤੀਆਂ ਗਈਆਂ। ਉਸ ਨੇ ਦੱਸਿਆ ਕਿ ਉਹ ਆਈਏਐੱਸ ਅਫ਼ਸਰ ਬਣਨਾ ਚਾਹੁੰਦੀ ਹੈ।