ਮੁਕੇਸ਼ ਕੁਮਾਰ
ਚੰਡੀਗੜ੍ਹ, 3 ਜੁਲਾਈ
ਪਹਿਲੀ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾਂ ’ਤੇ ਮੁਕੰਮਲ ਪਾਬੰਦੀ ਲਗਾਉਣ ਸਬੰਧੀ ਹੁਕਮਾਂ ਨੂੰ ਲੈ ਕੇ ਨਗਰ ਨਿਗਮ ਵੱਲੋਂ ਸਖ਼ਤੀ ਕੀਤੇ ਜਾਣ ਦੇ ਬਾਵਜੂਦ ਸ਼ਹਿਰ ਵਿੱਚ ਪਾਬੰਦੀਸ਼ੁਦਾ ਪੋਲੀਥੀਨ ਲਿਫਾਫਿਆਂ ਦੀ ਵਰਤੋਂ ਬੇਖੌਫ ਜਾਰੀ ਹੈ। ਇਨ੍ਹਾਂ ਹੁਕਮਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਬਾਕਾਇਦਾ ਸ਼ਹਿਰ ਵਾਸੀਆਂ ਅਤੇ ਇੱਥੋਂ ਦੇ ਦੁਕਾਨਦਾਰਾਂ ਲਈ ਜਾਗਰੂਕਤਾ ਪ੍ਰੋਗਰਾਮ ਵੀ ਕੀਤੇ ਗਏ ਸਨ। ਨਿਗਮ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਦੀਆਂ ਵਸਤਾਂ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਛਾਪੇ ਮਾਰ ਕੇ ਪਲਾਸਟਿਕ ਦੀਆਂ ਪਾਬੰਦੀਸ਼ੁਦਾ ਵਸਤਾਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਤਿੰਨ ਦਿਨ ਪਹਿਲਾਂ ਲਾਗੂ ਹੋਏ ਪਾਬੰਦੀ ਦੇ ਹੁਕਮਾਂ ਦੀ ਅੱਜ ਤੀਜੇ ਦਿਨ ਵੀ ਇੱਥੋਂ ਦੀਆਂ ਸਬਜ਼ੀ ਮੰਡੀਆਂ ਤੇ ਹੋਰ ਮਾਰਕੀਟਾਂ ਵਿੱਚ ਸ਼ਰੇਆਮ ਉਲੰਘਣਾ ਦੇਖੀ ਗਈ। ਇੱਥੋਂ ਦੀਆਂ ਸੈਕਟਰ-22 ਦੀ ਸ਼ਾਸਤਰੀ ਮਾਰਕੀਟ ਤੇ ਸੈਕਟਰ-19 ਦੇ ਸਦਰ ਤੇ ਪਾਲਿਕਾ ਬਾਜ਼ਾਰ ਦੇ ਦੁਕਾਨਦਾਰਾਂ ਤੋਂ ਇਲਾਵਾ ਬਾਹਰ ਬੈਠੇ ਰੇਹੜੀ-ਫੜ੍ਹੀ ਵਾਲੇ ਗਾਹਕਾਂ ਨੂੰ ਸਾਮਾਨ ਦੇਣ ਲਈ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਕਰਦੇ ਦੇਖੇ ਗਏ। ਖ਼ਾਸ ਕਰ ਕੇ ਸਬਜ਼ੀ ਤੇ ਫਲ ਮੰਡੀਆਂ ਵਿੱਚ ਵਿਕਰੇਤਾ ਗਾਹਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਾਮਾਨ ਦੇ ਰਹੇ ਹਨ। ਇੱਥੋਂ ਦੀ ਸਭ ਤੋਂ ਵੱਡੀ ਸੈਕਟਰ-26 ਸਥਿਤ ਸਬਜ਼ੀ ਤੇ ਫਲ ਮੰਡੀ ਵਿੱਚ ਵਿਕਰੇਤਾਵਾਂ ਵੱਲੋਂ ਸਰਕਾਰ ਦੇ ਆਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਏ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹੋਣ। ਇਸ ਦੇ ਨਾਲ ਹੀ ਸ਼ਹਿਰ ਵਿੱਚ ਲੱਗਣ ਵਾਲੀਆਂ ਹੋਰ ਸਬਜ਼ੀ ਮੰਡੀਆਂ ਵਿੱਚ ਵੀ ਇਹੋ ਹਾਲ ਹੈ। ਗਾਹਕਾਂ ਦਾ ਕਹਿਣਾ ਹੈ ਕਿ ਨਿਗਮ ਦੇ ਨਿਯਮ ਅਤੇ ਹੁਕਮ ਸ਼ਹਿਰ ਵਿੱਚ ਬੋਨੇ ਸਾਬਿਤ ਹੋ ਰਹੇ ਹਨ। ਦੂਜੇ ਪਾਸੇ ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਗਮ ਹਰ ਬੇਨਿਯਮੀ ਲਈ ਸਿਰਫ਼ ਸ਼ਹਿਰ ਦੇ ਦੁਕਾਨਦਾਰਾਂ ’ਤੇ ਹੀ ਕਾਰਵਾਈ ਕਰਦਾ ਹੈ, ਜਦੋਂ ਕਿ ਸ਼ਹਿਰ ਵਿੱਚ ਰੇਹੜੀ-ਫੜ੍ਹੀ ਵਾਲਿਆਂ ’ਤੇ ਅਤੇ ਸਬਜ਼ੀ ਮੰਡੀਆਂ ਵਿੱਚ ਨਿਗਮ ਦਾ ਜ਼ੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਰੇਹੜੀ-ਫੜ੍ਹੀ ਵਾਲਿਆਂ ਜਾਂ ਸਬਜ਼ੀ ਮੰਡੀ ਵਿੱਚ ਕਾਰਵਾਈ ਕਰਨ ਤੋਂ ਨਿਗਮ ਦੇ ਅਫਸਰ ਡਰਦੇ ਹਨ।