ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 13 ਅਗਸਤ
ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਸ਼ਹਿਰਾਂ ਦਾ ਝਲਕਾਰਾ ਪਵੇਗਾ ਤੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡਾਂ ਵਿੱਚ ਵਿਕਾਸ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ ਤੇ ਬਾਕੀ ਰਹਿੰਦੇ ਕਾਰਜ ਵੀ ਅਗਲੇ ਕੁੱਝ ਦਿਨਾਂ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ। ਪਿੰਡਾਂ ਦੀਆਂ ਲਿੰਕ ਸੜਕਾਂ ਦਾ ਕੰਮ ਵੀ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਸਿੱਧੂ ਨੇ ਪਿੰਡ ਜੁਝਾਰ ਨਗਰ ਵਿੱਚ ਗਲੀਆਂ-ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਅਤੇ ਕਈ ਪੂਰੇ ਹੋ ਚੁੱਕੇ ਵਿਕਾਸ ਕੰਮਾਂ ਦੇ ਉਦਘਾਟਨ ਵੀ ਕੀਤੇ। ਪਿੰਡ ਜੁਝਾਰ ਨਗਰ ਵਿੱਚ 50 ਲੱਖ ਰੁਪਏ ਕਮਿਊਨਿਟੀ ਸੈਂਟਰ ਲਈ, 32 ਲੱਖ ਰੁਪਏ ਸਕੂਲ ਲਈ, 30 ਲੱਖ ਰੁਪਏ ਆਂਗਨਵਾੜੀ ਸੈਂਟਰ ਲਈ ਅਤੇ 41 ਲੱਖ ਰੁਪਏ ਸੋਲਰ ਸਿਸਟਮ ਲਈ, 1 ਕਰੋੜ ਰੁਪਏ ਸੀਵਰੇਜ ਅਤੇ ਗਲੀਆਂ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਦੋ ਟਿਊਬਵੈੱਲਾਂ, 1 ਪਾਣੀ ਦੀ ਟੈਂਕੀ ਤੇ ਪਾਣੀ ਦੀ ਨਿਕਾਸੀ ਲਈ 22 ਹਜ਼ਾਰ ਫੁੱਟ ਪਾਈਪਾਂ ਪਾਣੀ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਜੁਝਾਰ ਨਗਰ ਵਿੱਚ ਨਰਸਿੰਗ ਕਾਲਜ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ, ਜੋ ਮੁਕੰਮਲ ਹੋਣ ਤੋਂ ਬਾਅਦ ਲੜਕੀਆਂ ਨੂੰ ਪੜ੍ਹਨ ਵਿੱਚ ਵੱਡੀ ਸਹੂਲਤ ਹੋਵੇਗੀ। ਪਿੰਡ ਹੁਸੈਨਪੁਰ ਵਿੱਚ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦੇ ਸ਼ੈੱਡ ਤੇ ਫਰਮ ਦੀ ਉਸਾਰੀ ਲਈ 10 ਲੱਖ ਰੁਪਏ, ਸਕੂਲ ਦੇ ਕਮਰੇ ਦੀ ਉਸਾਰੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਝਾਮਪੁਰ ਵਿੱਚ ਛੱਪੜ ਦੇ ਪਾਣੀ ਦੀ ਨਿਕਾਸੀ ਲਈ 15 ਲੱਖ ਰੁਪਏ ਦੀ ਰਾਸ਼ੀ ਨਾਲ ਕੰਮ ਸ਼ੁਰੂ ਕਰਵਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਤੜੋਲੀ ਦੇ ਵੱਖ-ਵੱਖ ਕਾਰਜਾਂ ਲਈ 22.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।