ਜਗਮੋਹਨ ਸਿੰਘ
ਘਨੌਲੀ, 7 ਜੂਨ
ਵਿਸ਼ਵ ਵਾਤਾਵਰਨ ਦਿਵਸ ਮੌਕੇ ਦੁਨੀਆਂ ਵਿੱਚ ਨਵੇਂ ਪੌਦੇ ਲਗਾਏ ਜਾ ਰਹੇ ਹਨ, ਪਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਦਸਮੇਸ਼ ਨਗਰ ਕਲੋਨੀ ਦੀ ਨਵੀਂ ਬਣੀ ਪੰਚਾਇਤ ਵੱਲੋਂ ਗਲੀਆਂ ਬਣਾਉਣ ਲਈ ਲੋਕਾਂ ਦੇ ਘਰਾਂ ਅੱਗੇ ਖੜ੍ਹੇ ਪੌਦਿਆਂ ਅਤੇ ਦਰੱਖਤਾਂ ਨੂੰ ਪੁੱਟਣ ਦੀ ਕਾਰਵਾਈ ਕੀਤੀ ਜਾ ਰਹੀ, ਜਿਸ ਖ਼ਿਲਾਫ਼ ਪਿੰਡ ਵਾਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਕੁਲਦੀਪ ਕੌਰ ਦੇ ਘਰ ਨੇੜੇ ਇਕੱਤਰ ਹੋਏ ਮੁਹੱਲਾ ਵਾਸੀਆਂ ਅਕਾਲੀ ਆਗੂ ਮੰਗਤ ਸਿੰਘ, ਐਡਵੋਕੇਟ ਹਰਨੇਕ ਸਿੰਘ ਮੁੰਡੀ, ਗੁਰਜੀਤ ਸਿੰਘ, ਹਰਮਨਦੀਪ ਸਿੰਘ, ਨੰਦ ਸਿੰਘ, ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਪੱਪੂ, ਸੁਸ਼ੀਲ ਕੁਮਾਰ ਬੱਟੂ, ਇਕਬਾਲ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪੰਚਾਇਤ ਦਸਮੇਸ਼ ਨਗਰ ਕਾਲੋਨੀ ਘਨੌਲੀ ਪਿੰਡ ਵਿੱਚ ਨਵੀਆਂ ਗਲੀਆਂ ਬਣਾਉਣ ਦੀ ਆੜ ਹੇਠ ਦਰੱਖਤਾਂ ਦਾ ਉਜਾੜਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਰੱਖਤਾਂ ਨੂੰ ਵੀ ਪੁੱਟਿਆ ਜਾ ਰਿਹਾ ਹੈ, ਜੋ ਆਵਾਜਾਈ ਵਿੱਚ ਵਿਘਨ ਨਹੀਂ ਪਾਉਂਦੇ। ਪਿੰਡ ਵਾਸੀਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਜਿੱਥੇ ਲੋਕਾਂ ਨੂੰ ਆਕਸੀਜਨ ਦੀ ਸਖ਼ਤ ਜ਼ਰੂਰਤ ਹੈ, ਉੱਥੇ ਹੀ ਦਸਮੇਸ਼ ਨਗਰ ਦੀ ਪੰਚਾਇਤ ਦਰੱਖਤਾਂ ਦੀ ਬਲੀ ਲੈ ਕੇ ਪਿੰਡ ਵਾਸੀਆਂ ਨੂੰ ਕੁਦਰਤੀ ਆਕਸੀਜਨ ਤੋਂ ਵਾਂਝੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦਰੱਖਤ ਪੁੱਟਣ ਤੋਂ ਰੋਕਣ ’ਤੇ ਪੰਚਾਇਤ ਵੱਲੋਂ ਪੁਲੀਸ ਸੱਦ ਕੇ ਸਬੰਧਤ ਪਰਿਵਾਰ ਨੂੰ ਕਥਿਤ ਡਰਾਇਆ-ਧਮਕਾਇਆ ਜਾਂਦਾ ਹੈ। ਪਿੰਡ ਵਾਸੀਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਜੇ ਦਰੱਖਤਾਂ ਦਾ ਉਜਾੜਾ ਜਾਰੀ ਰਿਹਾ ਤਾਂ ਗਲੀਆਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪਿੰਡ ਵਿੱਚ ਕੋਈ ਦਰੱਖਤ ਨਹੀਂ ਬਚੇਗਾ। ਉਨ੍ਹਾਂ ਪੰਚਾਇਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਪਿੰਡ ਵਾਸੀਆਂ ਵੱਲੋਂ ਬੱਚਿਆਂ ਦੀ ਤਰ੍ਹਾਂ ਪਾਲੇ ਜਾ ਰਹੇ ਦਰੱਖਤਾਂ ਨੂੰ ਪੰਚਾਇਤ ਦੇ ਕਹਿਰ ਤੋਂ ਬਚਾਇਆ ਜਾਵੇ।
ਲੋਕ ਆਪਣੇ ਵਿਹੜਿਆਂ ਵਿੱਚ ਲਗਾਉਣ ਪੌਦੇ: ਸਰਪੰਚ
ਪਿੰਡ ਦਸਮੇਸ਼ ਨਗਰ ਕਲੋਨੀ ਘਨੌਲੀ ਦੇ ਸਰਪੰਚ ਬਲਜੀਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਪਿੰਡ ਦੀ ਗਰਾਮ ਸਭਾ ਨੇ ਪਾਸ ਕੀਤਾ ਹੈ ਕਿ ਲੋਕ ਆਪਣੇ ਘਰਾਂ ਦੇ ਵਿਹੜਿਆਂ ਜਾਂ ਗਮਲਿਆਂ ਵਿੱਚ ਹੀ ਬੂਟੇ ਲਗਾ ਸਕਦੇ ਹਨ ।
ਮਾਮਲੇ ਦੀ ਜਾਂਚ ਕਰਵਾਈ ਜਾਵੇਗੀ: ਡੀਡੀਪੀਓ
ਇਸ ਸਬੰਧੀ ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਬੀ ਡੀ ਪੀ ਓ ਰੂਪਨਗਰ ਨੂੰ ਮੌਕੇ ’ਤੇ ਭੇਜ ਕੇ ਇਸ ਸਬੰਧੀ ਜਾਂਚ ਕਰਵਾਉਣਗੇ। ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।