ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 8 ਜੂਨ
ਸ਼ਹੀਦ ਬਾਬਾ ਹਨੂੰਮਾਨ ਸਿੰਘ ਯਾਦਗਾਰੀ 7ਵਾਂ ਕ੍ਰਿਕਟ ਕੱਪ ਪਿੰਡ ਛੱਤ ਦੀ ਟੀਮ ਨੇ ਜਿੱਤ ਲਿਆ। ਛੱਤ ਪਿੰਡ ਦੇ ਖਿਡਾਰੀਆਂ ਨੇ ਫਾਈਨਲ ਦੇ ਬੇਹੱਦ ਫ਼ਸਵੇਂ ਮੁਕਾਬਲੇ ਵਿੱਚ ਪਿੰਡ ਸੁੰਡਰਾਂ ਦੀ ਟੀਮ ਨੂੰ ਹਰਾਇਆ। ਜੇਤੂ ਟੀਮ ਨੂੰ 25 ਹਜ਼ਾਰ ਅਤੇ ਉੱਪ ਜੇਤੂ ਟੀਮ ਨੂੰ 11 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਅਜੀਤ ਸਿੰਘ, ਮੀਤ ਪ੍ਰਧਾਨ ਵਰਿੰਦਰ ਸਿੰਘ ਨੱਤ, ਜਨਰਲ ਸਕੱਤਰ ਹਰਿੰਦਰ ਸਿੰਘ ਨੱਤ, ਖਜ਼ਾਨਚੀ ਪਰਵਿੰਦਰ ਸਿੰਘ, ਯੂਥ ਆਗੂ ਸੰਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ 32 ਟੀਮਾਂ ਨੇ ਭਾਗ ਲਿਆ। ਖੇੜਾ ਗੱਜੂ ਦੀ ਟੀਮ ਨੇ ਤੀਜੇ ਨੰਬਰ ’ਤੇ ਰਹਿ ਕੇ 4100 ਅਤੇ ਭਗੜਾਣਾ ਦੀ ਟੀਮ ਨੇ ਚੌਥੇ ਸਥਾਨ ’ਤੇ ਆ ਕੇ 3100 ਦਾ ਇਨਾਮ ਜਿੱਤਿਆ। ਛੱਤ ਦੀ ਟੀਮ ਦੇ ਬੱਲੇਬਾਜ਼ ਬੱਗੂ ਅਤੇ ਗੇਂਦਬਾਜ਼ ਤੋਤਾ ਨੂੰ ਟੂਰਨਾਮੈਂਟ ਦੇ ਬਿਹਤਰੀਨ ਖਿਡਾਰੀਆਂ ਐਲਾਨਦਿਆਂ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ। ਉਨ੍ਹਾਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਵੱਲੋਂ ਵਿਧਾਇਕ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਛੱਜਾ ਸਿੰਘ ਸਰਪੰਚ ਕੁਰੜੀ, ਅਵਤਾਰ ਸਿੰਘ ਮੌਲੀ, ਗੱਬਰ ਸਿੰਘ ਮੌਲੀ, ਅਕਵਿੰਦਰ ਸਿੰਘ ਗੋਸਲ ਤੇ ਤਰਲੋਚਨ ਸਿੰਘ ਮਟੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਮੌਜੂਦ ਸਨ।