ਪੀ.ਪੀ. ਵਰਮਾ
ਪੰਚਕੂਲਾ, 4 ਨਵੰਬਰ
ਪੰਚਕੂਲਾ ਪੁਲੀਸ ਉੱਤੇ ਪਥਰਾਅ ਕਰਨ ਦੇ ਦੋਸ਼ ਤਹਿਤ ਪਿੰਡ ਰੱਤੇਵਾਲੀ ਦੇ 13 ਵਸਨੀਕਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਤੇ ਫਿਰ ਊਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਇਸ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਗ੍ਰਿਤਾਰ ਕੀਤੇ ਗਏ ਲੋਕਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਪੁਲੀਸ ਨੇ ਕਈ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਅਤੇ ਕਈ ਮੁਲਜ਼ਮਾਂ ਉੱਤੇ ਸਰਕਾਰੀ ਕੰਮ ਵਿੱਚ ਦਖਲ ਦੇਣ ਅਤੇ ਸ਼ਾਂਤੀ ਭੰਗ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ।
ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਪੁਲੀਸ ਉੱਤੇ ਕੀਤੇ ਗਏ ਪਥਰਾਅ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਰੱਤੇਵਾਲੀ ਵਿੱਚ ਕੁਝ ਸਮਾਜ ਵਿਰੋਧੀ ਅਨਸਰ ਹਨ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਊਨ੍ਹਾਂ ਕਿਹਾ ਕਿ ਪੁਲੀਸ ਹਰਕਤ ਵਿੱਚ ਆ ਗਈ ਹੈ ਤੇ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਹਿੰਸਕ ਘਟਨਾ ਕਾਰਨ ਜ਼ਖ਼ਮੀ ਹੋਏ ਕਈ ਪੁਲੀਸ ਮੁਲਾਜ਼ਮ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਘਟਨਾ ਕਾਰਨ ਕਈ ਪਿੰਡ ਵਾਸੀਆਂ ਨੂੰ ਵੀ ਸੱਟਾਂ ਲੱਗੀਆਂ ਸਨ। ਪੁਲੀਸ ਨੇ ਚੌਕਸੀ ਵਰਤਦਿਆਂ ਹਾਲਾਤ ਕਾਬੂ ਹੇਠ ਕਰ ਲਏ ਹਨ।
ਔਰਤਾਂ ਨਾਲ ‘ਬਦਸਲੂਕੀ’ ਮਗਰੋਂ ਹਾਲਾਤ ਵਿਗੜੇ
ਘਟਨਾ ਦੇ ਵੇਰਵਿਆਂ ਅਨੁਸਾਰ ਮਾਈਨਿੰਗ ਖ਼ਿਲਾਫ਼ ਪਿੰਡ ਰੱਤੇਵਾਲੀ ਦੇ ਲੋਕ ਚਾਰ ਦਿਨਾਂ ਤੋਂ ਧਰਨੇ ’ਤੇ ਬੈਠੇ ਸਨ। ਇਸ ਧਰਨੇ ਨੂੰ ਹਟਾਉਣ ਲਈ ਬੀਤੇ ਦਿਨ ਏਸੀਪੀ ਰਾਮ ਕੁਮਾਰ ਦੀ ਅਗਵਾਈ ਹੇਠ ਕਰੀਬ ਤਿੰਨ ਸੌ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ ਸਨ। ਪਿੰਡ ਵਾਲਿਆਂ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਦੇ ਕਹਿਣ ’ਤੇ ਊਹ ਗੱਡੀ ਵਿੱਚ ਸਵਾਰ ਹੋ ਗਏ। ਇਸ ਤੋਂ ਬਾਅਦ ਪੁਲੀਸ ਘਰਾਂ ਅੰਦਰ ਜਬਰੀ ਦਾਖਲ ਹੋਣ ਲੱਗੀ। ਜਦੋਂ ਔਰਤਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ। ਇਸ ਕਾਰਨ ਮਹਿਲਾਵਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਉਧਰ ਪੁਲੀਸ ਅਧਿਕਾਰੀਆਂ ਨੇ ਇਹ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਨੂੰ ਅਣਦੇਖਿਆਂ ਕਰਕੇ ਮਾਈਨਿੰਗ ਲਈ ਟਿੱਪਰਾਂ ਨੂੰ ਪਿੰਡ ਵਿੱਚ ਜਾਣ ਨਹੀਂ ਦੇ ਰਹੇ ਸਨ। ਇਸ ਕਾਰਨ ਡਿਊਟੀ ਮੈਜੀਸਟ੍ਰੇਟ ਨੇ ਪਿੰਡ ਵਾਸੀਆਂ ਨੂੰ ਖਦੇੜਣ ਲਈ ਕਿਹਾ ਸੀ। ਚੰਡੀਮੰਦਰ ਪੁਲੀਸ ਨੇ ਇਸ ਪੂਰੇ ਘਟਨਾਕ੍ਰਮ ਸਬੰਧੀ ਫਿਲਹਾਲ 11 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਤੇ ਘਟਨਾ ’ਚ ਸ਼ਾਮਲ ਕਈ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।