ਪੱਤਰ ਪ੍ਰੇਰਕ
ਬਨੂੜ, 23 ਅਕਤੂਬਰ
ਬਨੂੜ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਪਸ਼ੂ ਧਨ ਦੀ ਸਿਹਤ ਸੇਵਾਵਾਂ ਮੁਹੱਈਆ ਕਰਾਊਣ ਵਾਲੇ ਦੋ ਪਸ਼ੂ ਹਸਪਤਾਲਾਂ ਅਤੇ ਅੱਧੀ ਦਰਜਨ ਦੇ ਕਰੀਬ ਪਸ਼ੂ ਡਿਸਪੈਂਸਰੀਆਂ ਵੈਟਨਰੀ ਡਾਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਤੋਂ ਵਾਂਝੀਆਂ ਪਈਆਂ ਹਨ, ਜਿਸ ਕਾਰਨ ਪਸ਼ੂ ਪਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਦੂਰ ਦੁਰਾਡੇ ਨਿਯੁਕਤ ਵੈਟਨਰੀ ਡਾਕਟਰਾਂ ਤੇ ਇੰਸਪੈਕਟਰਾਂ ਨੂੰ ਆਰਜ਼ੀ ਚਾਰਜ ਸੌਂਪ ਕੇ ਡੰਗ ਸਾਰਿਆ ਜਾ ਰਿਹਾ ਹੈ। ਸਿਵਲ ਪਸ਼ੂ ਹਸਪਤਾਲ ਝਾਂਸਲਾ ਵਿਚ ਪਿਛਲੇ ਕਈ ਮਹੀਨਿਆਂ ਤੋਂ ਵੈਟਨਰੀ ਡਾਕਟਰ ਤੇ ਵੈਟਨਰੀ ਇੰਸਪੈਕਟਰ ਦੀ ਆਸਾਮੀ ਖਾਲੀ ਪਈ ਹੈ। ਇਸ ਹਸਪਤਾਲ ਅਧੀਨ ਪੰਦਰਾਂ ਦੇ ਕਰੀਬ ਪਿੰਡ ਪੈਂਦੇ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਖੇੜਾ ਗੱਜੂ ਵਿਚ ਕੋਈ ਡਾਕਟਰ ਅਤੇ ਇੰਸਪੈਕਟਰ ਨਹੀਂ ਹੈ ਤੇ ਇਸ ਹਸਪਤਾਲ ਅਧੀਨ ਅਠਾਰਾਂ ਪਿੰਡ ਹਨ। ਇਸੇ ਤਰ੍ਹਾਂ ਮਾਣਕਪੁਰ, ਮੋਹੀ ਖੁਰਦ, ਨਨਹੇੜਾ, ਨੰਡਿਆਲੀ, ਤਸੌਲੀ, ਮਿਰਜ਼ਾਪੁਰ, ਢਕਾਨਸੂ ਦੀਆਂ ਪਸ਼ੂ ਡਿਸਪੈਂਸਰੀਆਂ ਵਿੱਚ ਲੰਮੇਂ ਸਮੇਂ ਤੋਂ ਵੈਟਨਰੀ ਇੰਸਪੈਕਟਰਾਂ ਤੋਂ ਸੱਖਣੀਆਂ ਹਨ। ਪਸ਼ੂ ਪਾਲਣ ਵਿਭਾਗ ਦੇ ਪਟਿਆਲਾ ਸਥਿਤ ਡਿਪਟੀ ਡਾਇਰੈਕਟਰ ਡਾ. ਰਵੀ ਭੂਸ਼ਨ ਗਾਬਾ ਨੇ ਦੱਸਿਆ ਕਿ ਇਸ ਸਬੰਧੀ ਹਰੇਕ ਦਸ ਦਿਨਾਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੂਜੇ ਹਸਪਤਾਲਾਂ ਦੇ ਡਾਕਟਰਾਂ ਤੇ ਇੰਸਪੈਕਟਰਾਂ ਨੂੰ ਆਰਜ਼ੀ ਚਾਰਜ ਸੌਂਪੇ ਹੋਏ ਹਨ ਤੇ ਪਸ਼ੂ ਪਾਲਕਾਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ