ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਅਕਤੂਬਰ
ਚੰਡੀਗੜ੍ਹ ਦੇ ਸੈਕਟਰ 52 ਨੇੜੇ ਪੈਂਦੇ ਪਿੰਡ ਕਜਹੇੜੀ ਵਿੱਚ ਪਿਛਲੇ ਕਰੀਬ 10 ਸਾਲਾਂ ਤੋਂ ਚੱਲ ਰਹੀ ਆਰਜ਼ੀ ਸਬਜ਼ੀ ਤੇ ਮੱਛੀ ਮਾਰਕੀਟ ਬੰਦ ਕਰਨ ਕਰਕੇ ਰੇਹੜੀ ਫੜ੍ਹੀ ਵਾਲਿਆਂ ਵਿੱਚ ਰੋਸ ਹੈ। ਚੰਡੀਗੜ੍ਹ ਕਾਂਗਰਸ ਨੇ ਇਸ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ। ਇੱਥੇ ਲੱਗਣ ਵਾਲੀ ਸਬਜ਼ੀ ਮੰਡੀ ਦੇ ਮੁਖੀ ਬਾਬਾ ਸਿੰਘ ਦੀਵਾਨਾ ਅਤੇ ਮੱਛੀ ਮਾਰਕੀਟ ਦੇ ਮੁਖੀ ਬੌਬੀ ਸਿੰਘ ਦੀ ਅਗਵਾਈ ਹੇਠ ਵੈਂਡਰਾਂ ਨੇ ਇਸ ਮਾਰਕੀਟ ਨੂੰ ਕਿਸੇ ਹੋਰ ਥਾਂ ’ਤੇ ਸਥਾਪਤ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਲਾਕਾ ਕੌਂਸਲਰ ’ਤੇ ਮਾਰਕੀਟ ਲਗਾਉਣ ਦੇ ਬਦਲੇ ਵਸੂਲੀ ਕਰਨ ਦਾ ਦੋਸ਼ ਵੀ ਲਗਾਇਆ।
ਬਾਬਾ ਸਿੰਘ ਦੀਵਾਨਾ ਅਤੇ ਬੌਬੀ ਸਿੰਘ ਨੇ ਦੋਸ਼ ਲਾਇਆ ਕਿ ਇਸ ਸਬਜ਼ੀ ਮੰਡੀ ਨੂੰ ਹਟਾਉਣ ਪਿੱਛੇ ਇਲਾਕਾ ਕੌਂਸਲਰ ਲਖਬੀਰ ਸਿੰਘ ਉਰਫ ਬਿੱਲੂ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੌਂਸਲਰ ਨੇ ਸਬਜ਼ੀ ਮੰਡੀ ਨੂੰ ਚਾਲੂ ਰੱਖਣ ਲਈ ਨਾਜਾਇਜ਼ ਵਸੂਲੀ ਦੀ ਮੰਗ ਕੀਤੀ ਸੀ ਅਤੇ ਵੈਂਡਰਾਂ ਨੇ ਨਾਜਾਇਜ਼ ਵਸੂਲੀ ਦੀ ਅਦਾਇਗੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕੌਂਸਲਰ ਨੇ ਗਲਤ ਇਰਾਦੇ ਨਾਲ ਭ੍ਰਿਸ਼ਟਾਚਾਰ ਨੂੰ ਸ਼ਹਿ ਦੇ ਕੇ ਸੈਂਕੜੇ ਗਰੀਬ ਪਰਿਵਾਰਾਂ ਦੀ ਰੋਜ਼ੀ ਰੋਟੀ ਖੋਹ ਕੇ ਸਬਜ਼ੀ ਮੰਡੀ ਬੰਦ ਕਰਵਾ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਦੇ ਨਾਲ ਹੀ ਇਲਾਕਾ ਕੌਂਸਲਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕਰ ਲਿਆ।
ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਨੇ ਅੱਜ ਇੱਥੇ ਪਿੰਡ ਕਜਹੇੜੀ ਵਿੱਚ ਇੱਕ ਆਰਜ਼ੀ ਸਬਜ਼ੀ ਮੰਡੀ ਵਿੱਚੋਂ ਸੈਂਕੜੇ ਸਬਜ਼ੀ ਵਿਕਰੇਤਾਵਾਂ ਨੂੰ ਬਿਨਾਂ ਕੋਈ ਬਦਲਵੀਂ ਥਾਂ ਦਿੱਤੇ ਤੁਰੰਤ ਹਟਾ ਦਿੱਤੇ ਜਾਣ ’ਤੇ ਚਿੰਤਾ ਪ੍ਰਗਟਾਈ ਹੈ। ਪਾਰਟੀ ਦੇ ਸੂਬਾ ਬੁਲਾਰੇ ਰਾਜੀਵ ਸ਼ਰਮਾ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਇਨ੍ਹਾਂ ਸਬਜ਼ੀ ਵਿਕਰੇਤਾਵਾਂ ਲਈ ਬਦਲਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਨ੍ਹਾਂ ਨੂੰ ਉਸੇ ਥਾਂ ਤੋਂ ਸਬਜ਼ੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਕਾਂਗਰਸੀ ਬੁਲਾਰੇ ਨੇ ‘ਆਪ’ ਆਗੂ ਉੱਤੇ ਲੱਗੇ ਦੋਸ਼ਾਂ ਦੀ ਪੁਲੀਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਦੌਰਾਨ ਪਿੰਡ ਕਜਹੇੜੀ ਦੇ ਸਾਬਕਾ ਸਰਪੰਚ, ਮਾਰਕੀਟ ਕਮੇਟੀ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸੀ ਆਗੂ ਆਨੰਦ ਸਿੰਘ ਨੇ ਵੀ ਇਨ੍ਹਾਂ ਵਿਕਰੇਤਾਵਾਂ ਨੂੰ ਹਟਾਉਣ ਦੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਕਿਸਾਨ ਮੰਡੀਆਂ ਦੀ ਤਰਜ਼ ’ਤੇ ਸਬਜ਼ੀ ਮੰਡੀ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਤੁਰੰਤ ਲੋੜੀਂਦੀ ਥਾਂ ਦਿੱਤੀ ਜਾਵੇ।
ਦੁਕਾਨਦਾਰਾਂ ਦੇ ਦੋਸ਼ ਬੇਬੁਨਿਆਦ: ਕੌਂਸਲਰ
ਕੌਂਸਲਰ ਲਖਬੀਰ ਸਿੰਘ ਉਰਫ ਬਿੱਲੂ ਨੇ ਕਿਹਾ ਕਿ ਦੁਕਾਨਦਾਰਾਂ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਪਿੰਡ ਕਜਹੇੜੀ ਦਾ ਦੌਰਾ ਕੀਤਾ ਸੀ। ਪ੍ਰਸ਼ਾਸਨ ਦੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਸਥਾਪਤ ਕੀਤੀ ਗਈ ਮਾਰਕੀਟ ਨੂੰ ਲੈ ਕੇ ਪਟਵਾਰੀ ਸਮੇਤ ਹੋਰ ਸਰਕਾਰੀ ਅਧਿਕਾਰੀਆਂ ਨੇ ਜ਼ਮੀਨ ਦੀ ਮਿਣਤੀ ਕਰਵਾ ਕੇ ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ ’ਤੇ ਇਹ ਆਰਜ਼ੀ ਮਾਰਕੀਟ ਲਗਦੀ ਸੀ, ਉਸ ਥਾਂ ’ਤੇ ਪਾਰਕ ਬਣਾਉਣ ਦੀ ਤਜਵੀਜ਼ ਹੈ।