ਪੱਤਰ ਪ੍ਰੇਰਕ
ਬਨੂੜ, 5 ਅਕਤੂਬਰ
ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਉੱਤੇ ਵੱਡੀ ਗਿਣਤੀ ਖੜ੍ਹੇ ਰਹਿੰਦੇ ਭਾਰੀ ਵਾਹਨ ਆਵਾਜਾਈ ਵਿੱਚ ਅੜਿੱਕਾ ਬਣ ਰਹੇ ਹਨ। ਕਈਂ ਥਾਵਾਂ ਉੱਤੇ ਤਾਂ ਕੌਮੀ ਮਾਰਗ ਦੇ ਦੋਵੇਂ ਪਾਸੇ ਕਤਾਰਾਂ ਵਿੱਚ ਵਾਹਨ ਖੜ੍ਹ ਜਾਂਦੇ ਹਨ, ਜਿਸ ਨਾਲ ਰਾਹਗੀਰਾਂ ਨੂੰ ਦਿੱਕਤਾਂ ਆ ਰਹੀਆਂ ਹਨ। ਇਸ ਮਾਰਗ ਉੱਤੇ ਪਿੰਡ ਖੇੜੀਗੁਰਨਾ, ਬਾਸਮਾਂ, ਬਾਸਮਾਂ ਕਲੋਨੀ, ਤੇਪਲਾ, ਸ਼ੰਭੂ ਕਲਾਂ, ਰਾਮਨਗਰ ਅਤੇ ਰਾਜਗੜ੍ਹ ਨੇੜੇ ਗੁਦਾਮਾਂ ਦੀ ਭਰਮਾਰ ਹੈ। ਇਨ੍ਹਾਂ ਗੁਦਾਮਾਂ ਵਿੱਚ ਮਾਲ ਲੈ ਕੇ ਆਉਂਦੇ ਅਤੇ ਮਾਲ ਲੈ ਕੇ ਜਾਣ ਵਾਲੇ ਵਾਹਨ ਜ਼ਿਆਦਾਤਰ ਕੌਮੀ ਮਾਰਗ ਉੱਤੇ ਜਾਂ ਫ਼ਿਰ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਖੜ੍ਹੇ ਰਹਿੰਦੇ ਹਨ।
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਉੱਤੇ ਖੜ੍ਹਦੇ ਵਾਹਨਾਂ ਨਾਲ ਪਿੰਡਾਂ ਨੂੰ ਆਉਣ-ਜਾਣ ਵਾਲੀ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਰਾਤ ਦੇ ਹਨੇਰੇ ਵਿੱਚ ਸੜਕਾਂ ’ਤੇ ਖੜ੍ਹੇ ਵਾਹਨਾਂ ਕਾਰਨ ਹਾਦਸੇ ਵੀ ਵਾਪਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਚੁੱਕੇ ਹਨ। ਪਿੰਡਾਂ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਸੜਕਾਂ ਉੱਤੇ ਖੜ੍ਹਦੇ ਵਾਹਨਾਂ ਦੀ ਪਾਰਕਿੰਗ ਗੁਦਾਮਾਂ ਦੇ ਅੰਦਰ ਕਰਾਈ ਜਾਵੇ ਤਾਂ ਕਿ ਆਵਾਜਾਈ ਨੂੰ ਆਉਂਦੀਆਂ ਦਿੱਕਤਾਂ ਦੂਰ ਹੋ ਸਕਣ।
ਮਾਮਲਾ ਧਿਆਨ ਵਿੱਚ ਨਹੀਂ: ਥਾਣਾ ਮੁਖੀ
ਥਾਣਾ ਸੰਭੂ ਦੇ ਮੁਖੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਅਤੇ ਸੰਪਰਕ ਸੜਕਾਂ ਉੱਤੇ ਲੰਮਾ ਸਮਾਂ ਖੜ੍ਹੇ ਰਹਿੰਦੇ ਵਾਹਨਾਂ ਦੀ ਉਹ ਜਾਂਚ ਕਰਨਗੇ ਅਤੇ ਆਵਾਜਾਈ ਵਿੱਚ ਅੜਿੱਕਾ ਬਣਨ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।