ਮੁਕੇਸ਼ ਕੁਮਾਰ
ਚੰਡੀਗੜ੍ਹ, 2 ਫਰਵਰੀ
ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਵਾਹਨਾਂ ਉੱਤੇ ਹਾਈ ਸਕਿਉੂਰਿਟੀ ਰਜਿਸਟਰੇਸ਼ਨ ਪਲੇਟ (ਐਚਐਸਆਰਪੀ) ਲਗਾਉਣਾ ਪਹਿਲਾਂ ਤੋਂ ਹੀ ਲਾਜ਼ਮੀ ਹੈ। ਹੁਣ ਨਵੇਂ ਆਦੇਸ਼ਾਂ ’ਚ ਇਸ ਦੇ ਨਾਲ ਹੀ ਵਾਹਨ ਉੱਤੇ ਇੱਕ ਤੀਸਰਾ ਰਜਿਸਟਰੇਸ਼ਨ ਮਾਰਕ ‘ਕਲਰ ਕੋਡਿਡ ਸਟਿੱਕਰ’ ਲਗਾਉਣਾ ਵੀ ਲਾਜ਼ਮੀ ਕਰ ਦਿੱਤਾ ਹੈ। ਕੇਂਦਰ ਸਰਕਾਰ ਦੇ ਰੋਡ ਟਰਾਂਸਪੋਰਟ ਐਂਡ ਹਾਈਵੇਅ ਮੰਤਰਾਲੇ ਦੀਆਂ ਨਵੀਆਂ ਗਾਈਡਲਾਈਨਜ਼ ਅਨੁਸਾਰ ਚੰਡੀਗੜ੍ਹ ਦੇ ਵਾਹਨ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵਲੋਂ ਇਹ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਵਾਹਨਾਂ ਉੱਤੇ ਐਚਐਸਆਰਪੀ ਦੇ ਨਾਲ ਇਹ ਕਲਰ ਕੋਡਿਡ ਸਟਿੱਕਰ ਲਗਾਉਣਾ ਲਾਜ਼ਮੀ ਹੋ ਗਿਆ ਹੈ। ਆਰਐਲਏ ਵੱਲੋਂ ਸਭ ਤੋਂ ਪਹਿਲਾਂ ਰਜਿਸਟਰੇਸ਼ਨ ਨੰਬਰਾਂ ਦੀ ਲੜੀ ਸੀਐਚ 01 ਬੀਕੇ ਅਤੇ ਸੀਐਚ 01 ਬੀਐਲ ਤੋਂ ਚੰਡੀਗੜ੍ਹ ਵਿੱਚ ਇਸ ਦੀ ਸ਼ੁਰੁੂਆਤ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਇਨ੍ਹਾਂ ਦੋਵੇਂ ਲੜੀਆਂ ਦੇ ਨੰਬਰਾਂ ਵਾਲੇ ਵਾਹਨਾਂ ਉੱਤੇ ਐੱਚਐਸਆਰਪੀ ਅਤੇ ਕਲਰ ਕੋਡਿਡ ਸਟਿੱਕਰ ਲਗਵਾਉਣੇ ਹੋਣਗੇ। ਮਹਿਕਮੇ ਨੇ ਇਨ੍ਹਾਂ ਲੜੀਆਂ ਦੇ ਵਾਹਨਾਂ ’ਤੇ ਇਹ ਕਲਰ ਕੋਡਿਡ ਸਟਿੱਕਰ ਲਗਾਉਣ ਲਈ ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਫਰਵਰੀ ਮਹੀਨੇ ਵਿੱਚ ਇਨ੍ਹਾਂ ਦੋਵੇਂ ਲੜੀਆਂ ਦੇ ਜਿਨ੍ਹਾਂ ਨੰਬਰਾਂ ’ਤੇ ਸਟਿੱਕਰ ਨਹੀਂ ਲੱਗੇ ਹੋਣਗੇ, ਉਨ੍ਹਾਂ ਦੇ ਪਹਿਲੀ ਮਾਰਚ ਤੋਂ ਚਲਾਨ ਕੱਟਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਸੀਐਚ 01 ਬੀਐਮ ਤੋਂ ਲੈ ਕੇ ਸੀਐਚ 01 ਬੀਟੀ ਲੜੀ ਤੱਕ ਦੇ ਰਜਿਸਟਰੇਸ਼ਨ ਨੰਬਰਾਂ ਵਾਲੇ ਵਾਹਨਾਂ ’ਤੇ ਵੀ ਐਚਐਸਆਰਪੀ ਦੇ ਨਾਲ ਨਾਲ ਇਹ ਕਲਰ ਕੋਡਿਡ ਸਟਿੱਕਰ ਲਗਾਉਣ ਲਈ ਹਦਾਇਤ ਕੀਤੀ ਜਾ ਸਕਦੀ ਹੈ। ਸਟਿੱਕਰ ਲਗਾਉਣ ਦੀ ਪੂਰੀ ਪ੍ਰਕਿਰਿਆ ਬਾਰੇ ਚੰਡੀਗੜ੍ਹ ਟਰਾਂਸਪੋਰਟ ਦੀ ਵੈੱਬਸਾਈਟ ਉਤੇ ਜਾਣਕਾਰੀ ਉਪਲਬਧ ਕਰਵਾ ਦਿੱਤੀ ਗਈ ਹੈ। ਇਹ ਸਟਿੱਕਰ ਲਗਾਉਣ ਲਈ ਆਰਐਲਏ ਦੇ ਸੈਕਟਰ 17 ਸਥਿਤ ਮੁੱਖ ਦਫਤਰ ਸਮੇਤ ਸੈਕਟਰ 42 ਸਥਿਤ ਐੱਸਡੀਐੱਮ (ਦੱਖਣ) ਅਤੇ ਸਨਅਤੀ ਖੇਤਰ ਫੇਜ਼ 1 ਸਥਿਤ ਐਸਡੀਐਮ (ਪੂਰਵ) ਦੇ ਦਫਤਰਾਂ ਵਿੱਚ ਆਰਐਲਏ ਦੇ ਕਾਊਂਟਰਾਂ ’ਚ ਬਿਨੈ ਕੀਤਾ ਸਕਦਾ ਹੈ। ਇਸ ਤੋਂ ਇਲਾਵਾ ਵਾਹਨ ਦੀ ਖਰੀਦ ਵਾਲੇ ਡੀਲਰ ਪੁਆਇੰਟ ਤੋਂ ਵੀ ਇਹ ਸਟਿੱਕਰ ਲਗਵਾਇਆ ਜਾ ਸਕਦਾ ਹੈ।
ਪੈਟਰੋਲ ਵਾਲੇ ਵਾਹਨਾਂ ’ਤੇ ‘ਨੀਲੇ’ ਤੇ ਡੀਜ਼ਲ ਵਾਲੇ ਵਾਹਨਾਂ ਨੂੰ ਲੱਗਣਗੇ ‘ਸੰਤਰੀ’ ਸਟਿੱਕਰ
ਕਲਰ ਕੋਡਿਡ ਸਟਿੱਕਰ ਵਾਹਨ ਦੀ ਵਿੰਡਸ਼ੀਲਡ ਸਕਰੀਨ (ਅਗਲੇ ਸ਼ੀਸ਼ੇ) ਉੱਤੇ ਲਗਾਇਆ ਜਾਂਦਾ ਹੈ, ਜਿਸ ਵਿੱਚ ਵਾਹਨ ਦੇ ਫਿਊਲ ਅਨੁਸਾਰ ਰੰਗਦਾਰ ਸਟਿੱਕਰ ਲਗਾਇਆ ਜਾਂਦਾ ਹੈ। ਪੈਟਰੋਲ ਫਿਊਲ ਵਾਲੇ ਵਾਹਨ ਲਈ ਨੀਲੇ ਰੰਗ ਅਤੇ ਡੀਜ਼ਲ ਫਿਊਲ ਵਾਲੇ ਵਾਹਨਾਂ ਤੇ ਸੰਤਰੀ ਰੰਗ ਦਾ ਸਟਿੱਕਰ ਲਗਾਇਆ ਜਾਂਦਾ ਹੈ। ਇਸੇ ਤਰ੍ਹਾਂ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਲਈ ਵੀ ਵੱਖਰੇ ਰੰਗ ਦਾ ਸਟਿੱਕਰ ਹੈ। ਇਸ ਸਟਿੱਕਰ ਨਾਲ ਟਰੈਫਿਕ ਪੁਲਿਸ ਜਾਂ ਹੋਰ ਸਬੰਧਤ ਅਥਾਰਿਟੀ ਨੂੰ ਜਾਂਚ ਸਮੇਂ ਵਾਹਨ ਵਿੱਚ ਪ੍ਰਯੋਗ ਹੋਣ ਵਾਲੇ ਫਿਊਲ ਬਾਰੇ ਉਸ ਦੀ ਵਿੰਡਸ਼ੀਲਡ ’ਤੇ ਲਗੇ ਸਟਿੱਕਰ ਤੋਂ ਹੀ ਪਤਾ ਚੱਲ ਜਾਂਦਾ ਹੈ।