ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਫਰਵਰੀ
ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਚੋਣ ਮੁਹਿੰਮ ਭਖਾਉਂਦਿਆਂ ਅੱਜ ਇੱਥੋਂ ਦੇ ਫੇਜ਼-1 ਅਤੇ ਫੇਜ਼-4 ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਸਨਅਤੀ ਏਰੀਆ ਫੇਜ਼-8 ਵਿੱਚ ਫੈਕਟਰੀ ਕਾਮਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਵਿਧਾਇਕ ਬਲਬੀਰ ਸਿੱਧੂ ਨੇ ਸਿਹਤ ਮੰਤਰੀ ਹੁੰਦਿਆਂ ਮੁਹਾਲੀ ਹਲਕੇ ਵਿੱਚ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ। ਈਐਸਆਈ ਹਸਪਤਾਲ ਸਮੇਤ ਸ਼ਹਿਰ ਦੇ ਹੋਰ ਕਈ ਹਸਪਤਾਲ 5 ਸਾਲਾਂ ਤੋਂ ਖ਼ੁਦ ਬੀਮਾਰ ਚੱਲ ਰਹੇ ਹਨ, ਜਿਸ ਕਾਰਨ ਸਥਾਨਕ ਲੋਕ ਅਤੇ ਫੈਕਟਰੀ ਕਾਮੇ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।