ਹਰਜੀਤ ਸਿੰਘ
ਜ਼ੀਰਕਪੁਰ, 26 ਸਤੰਬਰ
ਇਥੋਂ ਦੇ ਫ਼ਰਾਰ ਹੋਏ ਜੀਬੀਪੀ ਗਰੁੱਪ ਦੇ ਪ੍ਰਾਜੈਕਟਾਂ ਵਿੱਚ ਚੋਰਾਂ ਵੱਲੋਂ ਲੰਘੀ ਰਾਤ ਹੱਲਾ ਬੋਲਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਇਸੇ ਦੌਰਾਨ ਚੋਰ ਦਫ਼ਤਰ ਦੀ ਭੰਨਤੋੜ ਕਰ ਕੇ ਉਥੇ ਪਿਆ ਕਾਫੀ ਸਾਮਾਨ ਚੋਰੀ ਕਰ ਲੈ ਗਏ।
ਜਾਣਕਾਰੀ ਅਨੁਸਾਰ ਟਰਾਈਸਿਟੀ ਦਾ ਨਾਮੀ ਜੀਬੀਪੀ ਗਰੁੱਪ ਦੇ ਬਿਲਡਰ ਕਈਂ ਦਿਨਾਂ ਤੋਂ ਲਾਪਤਾ ਹਨ, ਜਿਨ੍ਹਾਂ ਖ਼ਿਲਾਫ਼ ਪੁਲੀਸ ਨੇ ਨਿਵੇਸ਼ਕਾਂ ਦੀ ਸ਼ਿਕਾਇਤ ’ਤੇ ਧੋਖਾਧੜੀ ਦਾ ਵੀ ਕੇਸ ਦਰਜ ਕੀਤਾ ਹੈ। ਬਿਲਡਰਾਂ ਦੀ ਲਾਪਤਾ ਹੋਣ ਕਾਰਨ ਉਨ੍ਹਾਂ ਦੇ ਪ੍ਰਾਜੈਕਟ ਅਤੇ ਉਥੇ ਬਣੇ ਦਫਤਰ ਲਾਵਾਰਿਸ ਹੋ ਗਏ ਹਨ, ਜਿਸ ਦੇ ਚੱਲਦਿਆਂ ਲੰਘੀ ਰਾਤ ਚੋਰ ਉਨ੍ਹਾਂ ਦੇ ਦਫਤਰਾਂ ਦੀ ਭੰਨਤੋੜ ਕਰ ਕੇ ਉਥੇ ਪਿਆ ਕੀਮਤੀ ਸਮਾਨ ਚੁੱਕ ਕੇ ਲੈ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰ ਬਿਲਡਰ ਦੇ ਦਫਤਰਾਂ ਵਿੱਚੋਂ ਕੁਰਸੀਆਂ, ਟੇਬਲ, ਅਲਮਾਰੀਆਂ ਅਤੇ ਲੱਖਾਂ ਰੁਪਏ ਦੀ ਕੀਮਤ ਦਾ ਜਨਰੇਟਰ, ਪੱਖਿਆਂ ਸਣੇ ਹੋਰ ਸਾਮਾਨ ਤੋਂ ਇਲਾਵਾ 200 ਫੁੱਟੀ ਰੋਡ ’ਤੇ ਏਥਨਜ਼ ਨਾਂਅ ਤੋਂ ਫਲੈਟ ਵਾਲੀ ਸਾਈਟ ’ਤੇ ਸੈਂਪਲ ਫਲੈਟ ਵਿੱਚੋਂ ਵੀ ਬੈੱਡ ਸਣੇ ਹੋਰ ਕੀਮਤੀ ਸਮਾਨ ਚੋਰੀ ਕਰ ਲੈ ਗਏ। ਚੋਰ ਉਥੇ ਪਿਆ ਕਾਫੀ ਭਾਰੀ ਜਨਰੇਟਰ ਵੀ ਚੋਰੀ ਕਰ ਲੈ ਗਏ। ਚੋਰਾਂ ਪੂਰੀ ਰਾਤ ਅਤੇ ਦਿਨ ਵੇਲੇ ਵੀ ਸਾਮਾਨ ਚੋਰੀ ਕਰਦੇ ਰਹੇ। ਪੁਲੀਸ ਦੇ ਪਹੁੰਚਣ ਦੌਰਾਨ ਕੁਝ ਕਬਾੜੀਏ ਪ੍ਰਾਜੈਕਟਾਂ ਵਿੱਚ ਉਸਾਰੀ ਅਧੀਨ ਇਮਾਰਤ ਵਿੱਚ ਲਾਇਆ ਸਰੀਆ ਕੱਟ ਰਹੇ ਸਨ, ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕੀਤਾ।
ਦੂਜੇ ਪਾਸੇ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕੁਝ ਕਬਾੜੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਨਿਵੇਸ਼ਕਾਂ ਨੇ ਰੋਸ ਪ੍ਰਗਟਾਇਆ
ਅੱਜ ਵੱਡੀ ਗਿਣਤੀ ਨਿਵੇਸ਼ਕ ਜ਼ੀਰਕਪੁਰ ਵਿੱਚ ਬਿਲਡਰ ਦੇ ਪ੍ਰਾਜੈਕਟ ਵਿੱਚ ਇਕੱਤਰ ਹੋਏ। ਉਨ੍ਹਾਂ ਦੇ ਬਿਲਡਰ ਫ਼ਰਾਰ ਹੋ ਗਿਆ ਹੈ ਅਤੇ ਉਨ੍ਹਾਂ ਨੇ ਨਾ ਤਾਂ ਘਰ ਮਿਲਿਆ ਅਤੇ ਨਾ ਹੀ ਪੈਸੇ ਮਿਲੇ। ਇਸੇ ਦੌਰਾਨ ਨਿਵੇਸ਼ਕਾਂ ਨੇ ਬਿਲਡਰ ਖ਼ਿਲਾਫ਼ ਲੜਾਈ ਲੜਨ ਲਈ ਦਸ ਮੈਂਬਰੀ ਇਕ ਸਾਂਝੀ ਸੰਘਰਸ਼ ਕਮੇਟੀ ਵੀ ਕਾਇਮ ਕੀਤੀ ਹੈ। ਨਿਵੇਸ਼ਕਾਂ ਨੇ ਰੋਸ ਪ੍ਰਗਟ ਕਰਦਿਆਂ ਪ੍ਰਾਜੈਕਟਾਂ ਤੇ ਦਫਤਰਾਂ ’ਚ ਚੋਰੀ ਦੀ ਘਟਨਾ ’ਤੇ ਪੁਲੀਸ ਖ਼ਿਲਾਫ਼ ਰੋਸ ਵੀ ਜਤਾਇਆ।