ਕਰਮਜੀਤ ਸਿੰਘ ਚਿੱਲਾ
ਬਨੂੜ, 18 ਮਈ
ਬਨੂੜ ਖੇਤਰ ਵਿੱਚ ਸਮੁੱਚੀਆਂ ਸਿਹਤ ਸੰਸਥਾਵਾਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਕੋਵਿਡ ਵੈਕਸੀਨ ਆਊਟ ਆਫ਼ ਸਟਾਕ ਹੈ। ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਰਾਜ ਸਰਕਾਰ ਵੱਲੋਂ ਕਿਰਤੀ ਮਜ਼ਦੂਰਾਂ ਅਤੇ ਬਿਮਾਰੀਆਂ ਤੋਂ ਪੀੜਤ 18-44 ਸਾਲਾ ਗਰੁੱਪ ਲਈ ਭੇਜੀ ਗਈ ਵੈਕਸੀਨ ਲਗਵਾਉਣ ਲਈ ਮਜ਼ਦੂਰਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਜਾਣਕਾਰੀ ਅਨੁਸਾਰ ਬਨੂੜ ਖੇਤਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੈਕਸੀਨ ਵੀਰਵਾਰ ਤੋਂ ਬਾਅਦ ਨਹੀਂ ਆਈ। ਹਸਪਤਾਲ ਵਿੱਚੋਂ ਰੋਜ਼ਾਨਾ ਵੈਕਸੀਨ ਦਾ ਪਤਾ ਕਰਨ ਆਉਂਦੇ ਕਈਂ ਵਿਅਕਤੀਆਂ ਨੇ ਦੱਸਿਆ ਕਿ ਬਨੂੜ, ਕਾਲੋਮਾਜਰਾ, ਖੇੜੀ ਗੁਰਨਾ, ਤੰਗੌਰੀ ਆਦਿ ਵਿਖੇ ਵੈਕਸੀਨ ਨਾ ਹੋਣ ਕਾਰਨ ਉਹ ਟੀਕੇ ਲਗਵਾਉਣ ਤੋਂ ਵਾਂਝੇ ਹਨ। ਵੈਕਸੀਨ ਲਾਉਣ ਲਈ ਬਣਾਈਆਂ ਮੋਬਾਈਲ ਟੀਮਾਂ ਦਾ ਵੀ ਇੱਕ ਹਫ਼ਤੇ ਤੋਂ ਕੰਮ ਠੱਪ ਪਿਆ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਉਸਾਰੀ ਕਾਮਿਆਂ, ਭੱਠਾ ਮਜ਼ਦੂਰਾਂ ਅਤੇ ਬਿਮਾਰੀਆਂ ਤੋਂ ਪੀੜਤ 18 ਤੋਂ 44 ਸਾਲਾਂ ਦੇ ਨੌਜਵਾਨਾਂ ਨੂੰ ਲਗਾਈ ਜਾਣ ਵਾਲੀ ਵੈਕਸੀਨ ਬਨੂੜ ਅਤੇ ਕਾਲੋਮਾਜਰਾ ਵਿਖੇ ਮੌਜੂਦ ਹੈ ਪਰ ਕਿਰਤੀ ਟੀਕੇ ਲਗਾਉਣ ਲਈ ਕੋਈ ਦਿਲਚਸਪੀ ਨਹੀਂ ਵਿਖਾ ਰਹੇ। ਬਨੂੜ ਦੇ ਹਸਪਤਾਲ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਸਿਰਫ਼ 30 ਮਜ਼ਦੂਰਾਂ ਨੇ ਵੈਕਸੀਨ ਲਗਵਾਈ।
ਭੱਠਿਆਂ ਤੇ ਜਾਕੇ ਲਗਾਵਾਂਗੇ ਵੈਕਸੀਨ: ਐੱਸਐੱਮਓ
ਬਨੂੜ ਦੀ ਐਸਐਮਓ ਡਾ. ਰਵਨੀਤ ਕੌਰ ਨੇ ਇੱਥੇ ਤਿੰਨ-ਚਾਰ ਦਿਨ ਤੋਂ ਵੈਕਸੀਨ ਨਾ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਖੁਦ ਖਰੀਦ ਕੇ ਉਸਾਰੀ ਕਿਰਤੀਆਂ ਲਈ ਵੈਕਸੀਨ ਭੇਜੀ ਹੈ ਪਰ ਬਹੁਤ ਘੱਟ ਮਜ਼ਦੂਰ ਵੈਕਸੀਨ ਲਗਵਾਉਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਭੇਜ ਕੇ ਭੱਠਾ ਮਜ਼ਦੂਰਾਂ ਨੂੰ ਵੈਕਸੀਨ ਲਗਾਈ ਜਾਵੇਗੀ।
ਲਾਲੜੂ ਖੇਤਰ ਦੇ ਸਰਕਾਰੀ ਹਸਪਤਾਲਾਂ ’ਚ ਇਕ ਹਫਤੇ ਤੋਂ ਵੈਕਸੀਨ ਨਹੀਂ
ਲਾਲੜੂ (ਸਰਬਜੀਤ ਸਿੰਘ ਭੱਟੀ): ਪਿਛਲੇ ਇਕ ਹਫਤੇ ਤੋਂ ਲਾਲੜੂ ਖੇਤਰ ਦੇ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਵੈਕਸੀਨ ਨਾ ਆਉਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਮਿਊਨਿਟੀ ਹੈਲਥ ਸੈਂਟਰ ਲਾਲੜੂ ਵਿੱਚ 12 ਮਈ ਤੋਂ ਕਰੋਨਾ ਵੈਕਸੀਨ ਮੁੱਕੀ ਹੋਈ ਹੈ, ਜਦ ਕਿ ਆਨਲਾਈਨ ਕੋਵਾ ਐਪ ਤੇ ਵੱਡੀ ਗਿਣਤੀ ਵਿੱਚ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ, ਹਰ ਰੋਜ਼ ਸੈਂਕੜੇ ਵਿਅਕਤੀ ਵੈਕਸੀਨ ਦੀ ਖੁਰਾਕ ਲੈਣ ਲਈ ਹਸਪਤਾਲਾਂ ਅਤੇ ਹੋਰ ਸਰਕਾਰੀ ਡਿਸਪੈਂਸਰੀਆਂ ਦੇ ਗੇੜੇ ਕੱਢ ਰਹੇ ਹਨ ਪਰ ਉਨ੍ਹਾਂ ਨੂੰ ਇਕੋ ਜੁਆਬ ਮਿਲਦਾ ਹੈ ਕਿ ਪਿਛੋਂ ਸਪਲਾਈ ਨਹੀਂ ਆ ਰਹੀ। ਸਮਾਜਸੇਵੀ ਸੰਸਥਾਵਾਂ ਵਲੋਂ ਲਾਏ ਜਾ ਜਾਣ ਵਾਲੇ ਕੈਂਪ ਵੀ ਬੰਦ ਪਏ ਹਨ। ਸਿਵਲ ਹਸਪਤਾਲ ਡੇਰਾਬਸੀ ਦੀ ਐਸਐਮਓ ਡਾ. ਸੰਗੀਤਾ ਜੈਨ ਨੇ ਕਿਹਾ ਕਿ ਪਿਛੋਂ ਸਟਾਕ ਨਾ ਆਉਣ ਕਾਰਨ ਪੂਰੇ ਬਲਾਕ ਡੇਰਾਬਸੀ ਵਿੱਚ ਵੈਕਸੀਨ ਦੀ ਕਮੀ ਹੈ, ਛੇਤੀ ਹੀ ਸਪਲਾਈ ਆਉਣ ਤੇ ਵੈਕਸੀਨ ਲਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ।