ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਦੇ ਪੁੱਤਰ ਸੁਮਿਤ ਚਾਵਲਾ ਦੀ ਫੇਸਬੁੱਕ ਆਈਡੀ ਹੈਕ ਕਰ ਲਈ ਗਈ ਜਿਸ ਬਾਰੇ ਜਾਣਕਾਰੀ ਮਿਲਦਿਆਂ ਹੀ ਸੁਮਿਤ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਪੁਰਾਣੀ ਫੇਸਬੁੱਕ ਆਈਡੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਸੀ ਜਿਸ ਨੂੰ ਕਿਸੇ ਨੇ ਹੈਕ ਕਰਕੇ ਲੋਕਾਂ ਤੋਂ ਰੁਪਏ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਆਈਡੀ ਹੈਕ ਕਰਨ ਵਾਲੇ ਨੇ ਸੁਮਿਤ ਦੇ ਦੋਸਤ ਨੂੰ ਮੈਸੇਜ ਭੇਜ ਕੇ 25 ਹਜ਼ਾਰ ਰੁਪਏ ਦੀ ਮੰਗ ਕੀਤੀ ਜਿਸ ਬਾਰੇ ਜਾਣਕਾਰੀ ਮਿਲਦੇ ਹੀ ਸੁਮਿਤ ਚਾਵਲਾ ਨੇ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ। ਦੱਸਣਯੋਗ ਹੈ ਕਿ ਪਹਿਲਾਂ ਵੀ ਚੰਡੀਗੜ੍ਹ ਪੁਲੀਸ ਨੇ ਡੀਐੱਸਪੀ ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਫਰਜ਼ੀ ਫੇਸਬੁੱਕ ਆਈਡੀ ਤਿਆਰ ਕਰ ਕੇ ਲੋਕਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਚੁੱਕੀ ਹੈ ਜਿਸ ਸਬੰਧੀ ਚੰਡੀਗੜ੍ਹ ਪੁਲੀਸ ਦਾ ਸਾਈਬਰ ਸੈੱਲ ਪੜਤਾਲ ਕਰ ਰਿਹਾ ਹੈ ਪਰ ਹਾਲੇ ਤੱਕ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ।