ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਮਈ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਥਿਤ ਉਦਯੋਗਾਂ ਦੀਆਂ ਸਮੇਂ ਦੇ ਨਾਲ-ਨਾਲ ਵਧ ਰਹੀਆਂ ਲੋੜਾਂ ਪੂਰੀਆਂ ਕਰਨ ਲਈ ਯੂਟੀ ਪ੍ਰਸ਼ਾਸਨ ਖੇਤਰੀ ਖੋਜ ਅਤੇ ਟੈਸਟਿੰਗ ਸੈਂਟਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਇਹ ਸੈਂਟਰ ਪੈੱਕ, ਸੀਐੱਸਅਈਓ ਅਤੇ ਆਈਆਈਟੀ ਰੋਪੜ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ, ਜਿੱਥੇ ਉੱਤਰੀ ਭਾਰਤ ਦੇ ਉਦਯੋਗਾਂ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਖੋਜ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਦੇ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਮੀਟਿੰਗ ਵਿੱਚ ਪੈਕ, ਸੀਐੱਸਅਈਓ ਅਤੇ ਆਈਆਈਟੀ ਰੋਪੜ ਦੇ ਅਧਿਕਾਰੀ ਅਤੇ ਉਦਯੋਗ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਖੇਤਰੀ ਖੋਜ ਅਤੇ ਟੈਸਟਿੰਗ ਸੈਂਟਰ ਨੂੰ ਪੈਕ ਵਿੱਚ ਸਥਾਪਤ ਕੀਤਾ ਜਾਵੇਗਾ। ਉਸ ਤੋਂ ਬਾਅਦ ਕਲੋਨੀ ਨੰਬਰ 4 ਵਾਲੀ ਥਾਂ ’ਤੇ ਸੈਂਟਰ ਨੂੰ ਸਥਾਪਤ ਕਰਨ ਦੀ ਤਜਵੀਜ ਰੱਖੀ ਜਾਵੇਗੀ।
ਸ਼ਹਿਰ ਵਿੱਚ ਅਜਿਹਾ ਖੋਜ ਕੇਂਦਰ ਸਥਾਪਤ ਕਰਨ ਲਈ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਇੱਕ ਟੀਮ ਦਸੰਬਰ 2021 ਵਿੱਚ ਗੁਰੂਗ੍ਰਾਮ ਵਿੱਚ ਸਥਿਤ ਮਾਨੇਸਰ ’ਚ ਆਧੁਨਿਕ ਤਕਨੀਕ ਦਾ ਕੌਮਾਂਤਰੀ ਕੇਂਦਰ ਦਾ ਦੌਰਾ ਕਰ ਕੇ ਆਈ ਸੀ। ਇਹ ਕੇਂਦਰ ਆਟੋਮੋਬਾਈਲਜ਼ ਲਈ ਇੱਕ ਟੈਸਟਿੰਗ ਅਤੇ ਪ੍ਰਮਾਣੀਕਰਨ ਕੇਂਦਰ ਹੈ। ਯੂਟੀ ਪ੍ਰਸ਼ਾਸਨ ਵੀ ਉਸੇ ਤਰਜ਼ ’ਤੇ ਚੰਡੀਗੜ੍ਹ ਵਿੱਚ ਖੇਤਰੀ ਖੋਜ ਅਤੇ ਟੈਸਟਿੰਗ ਸੈਂਟਰ ਸਥਾਪਤ ਕਰਨ ਦੀ ਤਿਆਰੀ ਕਰ ਰਿਹਾ ਹੈ।