ਆਤਿਸ਼ ਗੁਪਤਾ
ਚੰਡੀਗੜ੍ਹ, 30 ਮਾਰਚ
ਚੰਡੀਗੜ੍ਹ ਨੂੰ ਅੱਜ ਇੱਕ ਯੂਟੀ ਕੇਡਰ ਦੇ ਆਈਏਐੱਸ ਅਧਿਕਾਰੀ ਅਤੇ ਪੰਜਾਬ ਤੋਂ ਚਾਰ ਪੀਸੀਐੱਸ ਅਧਿਕਾਰੀ ਮਿਲੇ ਹਨ। ਇਸੇ ਦੌਰਾਨ ਪੰਜਾਬ ਤੋਂ ਆਏ ਚਾਰ ਪੀਸੀਐੱਸ ਅਧਿਕਾਰੀਆਂ ਦੇ ਡੈਪੂਟੇਸ਼ਨ ਦਾ ਸਮਾਂ ਖਤਮ ਹੋਣ ਕਰਕੇ ਰਿਲੀਵ ਕਰ ਦਿੱਤਾ ਗਿਆ ਹੈ। ਯੂਟੀ ਵਿੱਚ ਨਵੇਂ ਆਉਣ ਵਾਲੇ ਅਧਿਕਾਰੀਆਂ ਵਿੱਚ ਆਈਏਐੱਸ ਅਧਿਕਾਰੀ ਅਖਿਲ ਕੁਮਾਰ, ਪੀਸੀਐੱਸ ਅਧਿਕਾਰੀ ਹਰਸ਼ੂਇੰਦਰਪਾਲ ਸਿੰਘ ਬਰਾੜ, ਅਮਨਦੀਪ ਸਿੰਘ ਭੱਟੀ, ਨਿਤੀਸ਼ ਸਿੰਗਲਾ ਅਤੇ ਗੁਰਿੰਦਰ ਸਿੰਘ ਸ਼ਾਮਲ ਹਨ। ਯੂਟੀ ਪ੍ਰਸ਼ਾਸਨ ਨੇ ਪੰਜਾਬ ਦੇ ਪੀਸੀਐੱਸ ਅਧਿਕਾਰੀ ਕੁਲਜੀਤ ਪਾਲ ਸਿੰਘ ਮਾਹੀ, ਨਵਜੋਤ ਕੌਰ, ਰੁਬਿੰਦਰਜੀਤ ਸਿੰਘ ਬਰਾੜ ਅਤੇ ਜਗਜੀਤ ਸਿੰਘ ਨੂੰ ਡੈਪੂਟੇਸ਼ਨ ਦਾ ਸਮਾਂ ਪੂਰਾ ਹੋਣ ਕਰਕੇ ਰਿਲੀਵ ਕਰ ਦਿੱਤਾ ਹੈ।
ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਵੱਲੋਂ ਜਾਰੀ ਆਦੇਸ਼ ਅਨੁਸਾਰ ਅਖਿਲ ਕੁਮਾਰ ਨੂੰ ਚੀਫ ਜਨਰਲ ਮੈਨੇਜਰ ਸਿਟਕੋ, ਵਧੀਕ ਸਕੱਤਰ ਸਿਹਤ ਅਤੇ ਡਾਇਰੈਕਟਰ ਆਯੂਸ਼, ਵਧੀਕ ਸਕੱਤਰ ਇੰਜਨੀਅਰਿੰਗ, ਵਧੀਕ ਆਈਜੀ ਜੇਲ੍ਹਾਂ ਅਤੇ ਸੁਪਰਡੈਂਟ ਮਾਡਲ ਜੇਲ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਪੀਸੀਐੱਸ ਅਧਿਕਾਰੀ ਹਰਸ਼ੂਇੰਦਰਪਾਲ ਸਿੰਘ ਬਰਾੜ ਨੂੰ ਵਧੀਕ ਸਕੱਤਰ ਕਰ ਅਤੇ ਆਬਕਾਰੀ, ਨੋਡਲ ਅਫ਼ਸਰ ਤੇ ਸੰਯੁਕਤ ਸਕੱਤਰ ਸਟੇਟ ਖੇਤੀਬਾੜੀ ਮਾਰਕੀਟਿੰਗ ਬੋਰਡ, ਸੰਯੁਕਤ ਸਕੱਤਰ ਖੇਤੀਬਾੜੀ ਅਤੇ ਸਕੱਤਰ ਰੇਰਾ ਲਗਾਇਆ ਗਿਆ ਹੈ। ਅਮਨਦੀਪ ਸਿੰਘ ਨੂੰ ਡਾਇਰੈਕਟਰ ਤੇ ਵਧੀਕ ਸਕੱਤਰ ਤਕਨੀਕੀ ਸਿੱਖਿਆ, ਡਾਇਰੈਕਟਰ ਉੱਚੇਰੀ ਸਿੱਖਿਆ, ਪ੍ਰਿੰਸੀਪਲ ਕਾਲਜ ਆਫ਼ ਆਰਟਸ ਅਤੇ ਕੰਟਰੋਲਰ ਪ੍ਰਿੰਟਿੰਗ ਅਤੇ ਸਟੇਸ਼ਨਰੀ ਲਗਾਇਆ ਗਿਆ ਹੈ।
ਪੀਸੀਐੱਸ ਅਧਿਕਾਰੀ ਨਿਤੀਸ਼ ਸਿੰਗਲਾ ਨੂੰ ਐੱਸਡੀਐੱਮ (ਪੂਰਵੀ), ਸੰਯੁਕਤ ਸਕੱਤਰ ਲੇਬਰ, ਸੰਯੁਕਤ ਸਕੱਤਰ ਰੁਜ਼ਗਾਰ ਅਤੇ ਗੁਰਿੰਦਰ ਸਿੰਘ ਸੋਢੀ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ, ਡਾਇਰੈਕਟਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਸਕੱਤਰ ਨਗਰ ਨਿਗਮ ਦੀ ਜ਼ਿੰਮੇਵਾਰੀ ਦਿੱਤੀ ਹੈ। ਯੂਟੀ ਪ੍ਰਸ਼ਾਸਨ ਅਨੁਸਾਰ ਨਵੇਂ ਅਧਿਕਾਰੀਆਂ ਨੂੰ ਆਪਣਾ ਅਹੁਦਾ ਸਾਂਭਣ ’ਤੇ ਇਹ ਵਿਭਾਗ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੀ ਕਈ ਹੋਰਨਾਂ ਅਧਿਕਾਰੀਆਂ ਦੇ ਵਾਧੂ ਵਿਭਾਗ ਦਿੱਤੇ ਗਏ ਹਨ। ਯੂਟੀ ਪ੍ਰਸ਼ਾਸਨ ਅਨੁਸਾਰ ਪੀਸੀਐੱਸ ਅਧਿਕਾਰੀ ਪਲਕ ਅਰੋੜਾ ਨੂੰ ਡਾਇਰੈਕਟਰ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ, ਐੱਚਸੀਐੱਸ ਅਧਿਕਾਰੀ ਪ੍ਰਦੁਮਨ ਸਿੰਘ ਨੂੰ ਐੱਸਡੀਐੱਮ (ਸਾਊਥ), ਪੀਸੀਐੱਸ ਰਾਕੇਸ਼ ਕੁਮਾਰ ਪੋਪਲੀ ਨੂੰ ਡਾਇਰੈਕਟਰ ਇੰਡਸਟਰੀਜ਼, ਜਨਰਲ ਮੈਨੇਜਰ ਜ਼ਿਲ੍ਹਾ ਇੰਡਸਟਰੀਜ਼ ਸੈਂਟਰ, ਸੰਯੁਕਤ ਸਕੱਤਰ ਇੰਡਸਟਰੀਜ਼, ਐੱਚਸੀਐੱਸ ਸ਼ਾਲਿਨੀ ਚੇਤਲ ਨੂੰ ਡਾਇਰੈਕਟਰ ਸੋਸ਼ਲ ਵੈੱਲਫੇਅਰ, ਮੈਨੇਜਿੰਗ ਡਾਇਰੈਕਟਰ ਬਾਲ ਵਿਕਾਸ ਅਤੇ ਸਕੱਤਰ ਬਾਲ ਸੁਰੱਖਿਆ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।