ਪੱਤਰ ਪ੍ਰੇਰਕ
ਚੰਡੀਗੜ੍ਹ, 17 ਸਤੰਬਰ
ਯੂਟੀ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਮੁਲਾਜ਼ਮਾਂ ਤੇ ਵਰਕਰਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਸੈਕਟਰ-23 ਦੇ ਬਾਗਬਾਨੀ ਦਫ਼ਤਰ ਵਿੱਚ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਸ਼ਾਮਲ ਮੁਲਾਜ਼ਮਾਂ ਤੇ ਵਰਕਰਾਂ ਨੇ ਪ੍ਰਸ਼ਾਸਨ ਅਤੇ ਨਿਗਮ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਨਵੈਨਸ਼ਨ ਵਿੱਚ ਪਹੁੰਚ ਕੇ ਯੂਟੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਮੇਟੀ ਦੇ ਕਨਵੀਨਰ ਅਸ਼ਵਨੀ ਕੁਮਾਰ, ਚੇਅਰਮੈਨ ਸੁਰਮੁਖ ਸਿੰਘ ਤੇ ਪੈਟਰਨ ਰਾਜਾ ਰਾਮ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੇ ਹਨ, ਜਿਸ ਕਾਰਨ ਮੁਲਾਜ਼ਮਾਂ ’ਚ ਰੋਸ ਹੈ। ਉਨ੍ਹਾਂ ਠੇਕੇਦਾਰ ਕੰਪਨੀ ਜੈੱਮ ਪੋਰਟਲ ਦੇ ਅਧਿਕਾਰੀਆਂ ਉਤੇ ਦੋਸ਼ ਲਗਾਏ ਕਿ ਅਧਿਕਾਰੀ ਵਰਕਰਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ। ਆਗੂਆਂ ਨੇ ਫ਼ੈਸਲਾ ਕੀਤਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਹਿਲੇ ਗੇੜ ਵਿੱਚ ਵੱਖ-ਵੱਖ ਦਫ਼ਤਰਾਂ ਵਿੱਚ ਰੋਸ ਪ੍ਰਦਰਸ਼ਨ ਕਰਨਗੇ।