ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਯੂਟੀ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਨੇ ਸੈਕਟਰ-16 ਵਿੱਚ ਸਥਿਤ ਕ੍ਰਿਕਟ ਸਟੇਡੀਅਮ ਦਾ ਨਾਮ ਕਪਿਲ ਦੇਵ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ। ਇਸ ਲਈ ਅੱਜ ਯੂਟੀਸੀਏ ਦੇ ਪ੍ਰਧਾਨ ਸੰਜੈ ਟੰਡਨ ਦੀ ਅਗਵਾਈ ਵਿੱਚ ਮੈਂਬਰਾਂ ਨੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ। ਸ੍ਰੀ ਟੰਡਨ ਨੇ ਕਿਹਾ ਕਿ ਕਪਿਲ ਦੇਵ ਨੇ 1983 ਵਿੱਚ ਵਰਲਡ ਕੱਪ ਦੇਸ਼ ਦੇ ਨਾਮ ਕਰਵਾਇਆ ਸੀ। ਉਸ ਕਰਕੇ ਸਾਲ 1991 ਵਿੱਚ ਭਾਰਤ ਸਰਕਾਰ ਨੇ ਕਪਿਲ ਦੇਵ ਨੂੰ ਪਦਮ ਭੂਸ਼ਣ ਦੇ ਨਾਲ ਆਈਸੀਸੀ ਨੇ ਹਾਲ ਆਫ ਫੇਮ ਨਾਲ ਸਨਮਾਨਿਤ ਕੀਤਾ ਸੀ। ਇਸ ਕਰਕੇ ਕ੍ਰਿਕਟ ਸਟੇਡੀਅਮ ਦਾ ਨਾਮ ਕਪਿਲ ਦੇਵ ਦੇ ਨਾਮ ’ਤੇ ਰੱਖਿਆ ਜਾਣਾ ਚਾਹੀਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਨਵਾਂ ਉਤਸ਼ਾਹ ਤੇ ਜ਼ੋਸ਼ ਪੈਦਾ ਹੋਵੇਗਾ। ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਕ੍ਰਿਕਟਰ ਕਪਿਲ ਦੇਵ ਦੀ ਦੇਣ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਐਸੋਸੀਏਸ਼ਨ ਨੂੰ ਭਰੋਸਾ ਦਵਾਇਆ ਕਿ ਉਹ ਕ੍ਰਿਕਟ ਸਟੇਡੀਅਮ ਦਾ ਨਾਮ ਕਪਿਲ ਦੇਵ ਦੇ ਨਾਮ ’ਤੇ ਰੱਖਣ ਲਈ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।