ਪੱਤਰ ਪ੍ਰੇਰਕ
ਚੰਡੀਗੜ੍ਹ, 28 ਜੂਨ
‘ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਵਰਕਰਜ਼ ਯੂਟੀ ਚੰਡੀਗੜ੍ਹ’ ਦੇ ਬੈਨਰ ਹੇਠ ਸੈਂਕੜੇ ਮੁਲਾਜ਼ਮਾਂ ਨੇ ਪ੍ਰਸ਼ਾਸਨ ਵੱਲੋਂ ਮੰਗਾਂ ਦਾ ਨਿਪਟਾਰਾ ਨਾ ਕਰਨ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦਿਆਂ ਗਵਰਨਰ ਹਾਊਸ ਵੱਲ ਰੋਸ ਮਾਰਚ ਕੀਤਾ। ਪੁਲੀਸ ਨੇ ਮੁਲਾਜ਼ਮਾਂ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਮੁਲਾਜ਼ਮਾਂ ਦੇ ਵਫ਼ਦ ਨੂੰ ਗਵਰਨਰ ਹਾਊਸ ਲਿਜਾਇਆ ਗਿਆ ਜਿੱਥੇ ਅਧਿਕਾਰੀ ਵਨੀਤਾ ਕੁਮਾਰ ਨੇ ਮੰਗ ਪੱਤਰ ਲਿਆ ਅਤੇ ਪ੍ਰਸ਼ਾਸਕ ਨਾਲ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ।
ਜਥੇਬੰਦੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਪੈਟਰਨ ਸ਼ਾਮ ਲਾਲ ਘਾਵਰੀ ਅਤੇ ਚੇਅਰਮੈਨ ਅਨਿਲ ਕੁਮਾਰ ਨੇ ਦੱਸਿਆ ਕਿ ਯੂਟੀ ਦੇ ਅਧਿਕਾਰੀਆਂ ਨੂੰ ਕਈ ਪੱਤਰ ਲਿਖੇ ਜਾ ਚੁੱਕੇ ਹਨ। ਉਨ੍ਹਾਂ ਯੂਟੀ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਆਊਟਸੋਰਸਡ ਮੁਲਾਜ਼ਮਾਂ ਲਈ ਸੁਰੱਖਿਅਤ ਪਾਲਿਸੀ ਬਣਾਈ ਜਾਵੇ, ਡੀਸੀ ਰੇਟਾਂ ਵਿੱਚ ਮਹਿੰਗਾਈ ਦਰ ਅਨੁਸਾਰ ਵਾਧਾ ਕੀਤਾ ਜਾਵੇ, ਡੇਲੀਵੇਜ਼ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ 13 ਅਪਰੈਲ 2014 ਦੀ ਪਾਲਿਸੀ ਵਿੱਚ ਬਦਲਾਅ ਕੀਤਾ ਜਾਵੇ ਤੇ ਜੀ.ਐੱਮ.ਸੀ.ਐੱਚ. 16 ਵਿਚ ਟੈਕਨੀਸ਼ੀਅਨਾਂ ਅਤੇ ਨਰਸਾਂ ਦੀਆਂ ਖਾਲੀ ਪੋਸਟਾਂ ਨੂੰ ਜਲਦੀ ਭਰਿਆ ਜਾਵੇ ਆਦਿ।
ਨਗਰ ਨਿਗਮ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਅੱਜ
ਕੋਆਰਡੀਨੇਸ਼ਨ ਕਮੇਟੀ ਆਗੂਆਂ ਨੇ ਐਲਾਨ ਕੀਤਾ 29 ਜੂਨ ਨੂੰ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਹੇਠ ਘੜੀ ਸਿਸਟਮ ਬੰਦ ਕਰਨ ਲਈ ਅਤੇ ਖਾਲੀ ਆਸਾਮੀਆਂ ਭਰਨ ਲਈ ਐੱਮਓਐੱਚ ਤੋਂ ਸਫ਼ਾਈ ਕਰਮਚਾਰੀ ਯੂਨੀਅਨ, ਸੀਵਰੇਜ ਐਂਪਲਾਈਜ਼ ਯੂਨੀਅਨ, ਐੱਮਸੀ ਰੋਡ ਵਰਕਰਜ਼ ਯੂਨੀਅਨ, ਹਾਰਟੀਕਲਚਰ ਵਰਕਰਜ਼ ਯੂਨੀਅਨ ਅਤੇ ਯੂਨਾਈਟਿਡ ਫਰੰਟ ਪਬਲਿਕ ਹੈਲਥ ਐਂਪਲਾਈਜ਼ ਯੂਨੀਅਨ ਦੇ ਮੁਲਾਜ਼ਮ ਨਗਰ ਨਿਗਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ।