ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਗਸਤ
ਪਿਛਲੇ ਸਮੇਂ ਯੂਟੀ ਪ੍ਰਸ਼ਾਸਨ ਨੇ ਲੌਂਗ ਰੂਟ ’ਤੇ ਚਲਾਉਣ ਲਈ ਕਿਲੋਮੀਟਰ ਸਕੀਮ ਅਧੀਨ 20 ਨਵੀਆਂ ਬੱਸਾਂ ਪਾਉਣ ਦਾ ਫ਼ੈਸਲਾ ਕੀਤਾ ਸੀ ਪਰ ਮੁਲਾਜ਼ਮ ਯੂਨੀਅਨਾਂ ਦੇ ਵਿਰੋਧ ਦੇ ਚਲਦਿਆਂ ਪ੍ਰਸ਼ਾਸਨ ਨੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਹੁਣ ਯੂਟੀ ਪ੍ਰਸ਼ਾਸਨ ਖੁਦ 20 ਨਵੀਆਂ ਬੱਸਾਂ ਖਰੀਦਣ ਜਾ ਰਿਹਾ ਹੈ, ਜਿਸ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਜਦੋਂ ਕਿ 20 ਬੱਸਾਂ ਖਰੀਦਣ ਲਈ ਪਹਿਲਾਂ ਹੀ ਪ੍ਰਕਿਰਿਆ ਚੱਲ ਰਹੀ ਹੈ। ਇਸ ਨਾਲ ਸੀਟੀਯੂ ਦੇ ਵਿਹੜੇ ’ਚ 40 ਹੋਰ ਨਵੀਆਂ ਬੱਸਾਂ ਸ਼ਾਮਲ ਹੋ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਡਾਇਰੈਕਟਰ ਟਰਾਂਸਪੋਰਟ ਪ੍ਰਦੁਮਨ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਬੱਸਾਂ ਲਈ ਚਾਹਵਾਨ ਵਿਅਕਤੀ 9 ਸਤੰਬਰ ਤੱਕ ਟੈਂਡਰ ਭਰ ਸਕਦੇ ਹਨ, ਜਦੋਂ ਕਿ ਉਸੇ ਦਿਨ ਬਾਅਦ ਦੁਪਹਿਰ ਟੈਂਡਰ ਖੋਲ੍ਹ ਦਿੱਤੇ ਜਾਣਗੇ। ਯੂਟੀ ਪ੍ਰਸ਼ਾਸਨ ਅਨੁਸਾਰ ਕੰਪਨੀ ਨੂੰ 90 ਦਿਨਾਂ ਦੇ ਅੰਦਰ-ਅੰਦਰ 20 ਬੱਸਾਂ ਦੀ ਡਿਲੀਵਰੀ ਦੇਣੀ ਲਾਜ਼ਮੀ ਹੋਵੇਗੀ, ਜਦੋਂ ਕਿ 30 ਦਿਨਾਂ ਵਿੱਚ ਇਕ ਸੈਂਪਲ ਵਜੋਂ ਬੱਸ ਪਹੁੰਚਦੀ ਕਰਨੀ ਪਵੇਗੀ। ਉਸ ਤੋਂ ਬਾਅਦ ਅਗਲੇ 30 ਦਿਨਾਂ ਵਿੱਚ 9 ਅਤੇ ਫੇਰ 30 ਦਿਨਾਂ ਵਿੱਚ 10 ਹੋਰ ਬੱਸਾਂ ਮੁਹੱਈਆ ਕਰਵਾਉਣੀ ਪਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂਆਂ ਬੱਸਾਂ ਏਸੀ ਅਤੇ ਹੀਟਰ ਦੀ ਸਹੂਲਤ ਵਾਲੀਆਂ ਹੋਣਗੀਆਂ, ਜਿਸ ਵਿੱਚ 47 ਜਣਿਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ।