ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਪਰੈਲ
ਯੂਟੀ ਪ੍ਰਸ਼ਾਸਨ ਨੇ ਸ਼ਨਿਚਰਵਾਰ ਤੱਕ ਕਲੋਨੀ ਨੰਬਰ-4 ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਸਟੇਟ ਦਫ਼ਤਰ ਸੋਮਵਾਰ ਤੋਂ ਕਲੋਨੀ ਨੰਬਰ-4 ਵਿਰੁੱਧ ਕਾਰਵਾਈ ਕਰਨ ਦੇ ਰੌਂਅ ’ਚ ਹੈ। ਇਸ ਸਬੰਧੀ ਅਸਟੇਟ ਦਫ਼ਤਰ ਨੇ ਵੀਰਵਾਰ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਕਲੋਨੀ ਖਾਲੀ ਨਾ ਕਰਨ ਦੀ ਸੂਰਤ ਵਿੱਚ ਇਸ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਨੂੰ ਝੁੱਗੀ-ਝੌਪੜੀ ਤੋਂ ਮੁਕਤ ਕਰਨ ਲਈ ਲਗਪਗ ਸਾਰੀਆਂ ਝੁੱਗੀਆਂ ਨੂੰ ਹਟਾ ਦਿੱਤਾ ਹੈ। ਹੁਣ ਸਿਰਫ਼ ਕਲੋਨੀ ਨੰਬਰ-4 ਹੀ ਬਾਕੀ ਹੈ, ਇਸ ਨੂੰ ਵੀ ਪ੍ਰਸ਼ਾਸਨ ਨੇ 15 ਫਰਵਰੀ ਨੂੰ ਗੈਰਕਾਨੂੰਨੀ ਕਰਾਰ ਦਿੰਦੀਆਂ, ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਕਲੋਨੀ ਵਾਸੀਆਂ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਲੋਨੀ ਨੰਬਰ-4 ਵਿੱਚ 5 ਹਜ਼ਾਰ ਦੇ ਕਰੀਬ ਝੁੱਗੀਆਂ ਬਣੀਆਂ ਹੋਈਆਂ ਹਨ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਬਾਇਓਮੀਟ੍ਰਿਕ ਸਰਵੇਖਣ ਕਰਵਾਇਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੀ ਕਿਫਾਇਤੀ ਰੈਂਟਲ ਹਾਊਸਿੰਗ ਸਕੀਮ ਤਹਿਤ ਮੁੜ ਵਸੇਬਾ ਕਰਨ ਦੀ ਯੋਜਨਾ ਤਿਆਰ ਕੀਤੀ। ਇਸ ਲਈ ਪ੍ਰਸ਼ਾਸਨ ਨੇ ਕਲੋਨੀ ਨੰਬਰ-4 ਦੇ ਲੋਕਾਂ ਨੂੰ ਮਲੋਆ ਵਿੱਚ ਫਲੈਟ ਅਲਾਟ ਕਰ ਦਿੱਤੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਗਰਗ ਤੇ ਰਾਜਿੰਦਰ ਹਿੰਦੁਸਤਾਨੀ ਨੇ ਯੂਟੀ ਪ੍ਰਸ਼ਾਸਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਕਲੋਨੀ ਦੇ ਸਾਰੇ ਲੋਕਾਂ ਨੂੰ ਮਕਾਨ ਅਲਾਟ ਨਹੀਂ ਹੋਏ ਹਨ। ਪਹਿਲਾਂ ਸਾਰੇ ਲੋਕਾਂ ਨੂੰ ਮਕਾਨ ਦਿੱਤੇ ਜਾਣ, ਉਸ ਤੋਂ ਬਾਅਦ ਹੀ ਪ੍ਰਸ਼ਾਸਨ ਨੂੰ ਕਲੋਨੀ ਹਟਾਉਣ ਦਾ ਫ਼ੈਸਲਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਕਲੋਨੀ ਨੰਬਰ-4 ਤੋਂ ਇਕੱਠੇ ਹੋ ਕੇ ਪੈਦਲ ਮਾਰਚ ਕਰਦਿਆਂ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੱਕ ਪਹੁੰਚ ਕੀਤੀ ਜਾਵੇਗੀ।