ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਪਰੈਲ
ਸ਼ਹਿਰ ਵਿੱਚ ਤੇਜ਼ੀ ਨਾਲ ਵਧ ਰਹੀ ਕਰੋਨਾਵਾਇਰਸ ਦੀ ਲਾਗ ਦੇ ਮੱਦੇਨਜ਼ਰ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਦੇ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਵੱਲੋਂ 43 ਨਵੇਂ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ ਜਿਨ੍ਹਾਂ ਵਿੱਚ ਕਈ ਪ੍ਰਕਾਰ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਹ ਕੰਟੇਨਮੈਂਟ ਜ਼ੋਨ ਸੈਕਟਰ 8, 10, 11, 15, 18, 21, 23, 31, 32-ਏ, 34, 35-ਸੀ, 35-ਡੀ, 36-ਬੀ, 36-ਸੀ, 38-ਏ, 41, 43-ਏ, 48 (ਪੁਸ਼ਪਕ ਸੋਸਾਇਟੀ), ਐਡਵੋਕੇਟ ਸੋਸਾਇਟੀ -49, ਐਲ.ਬੀ. ਇਨਕਲੇਵ-49, ਸੈਕਟਰ 50 ਸਥਿਤ ਬੀ.ਐਸ.ਐਨ.ਐਲ. ਸੋਸਾਇਟੀ, ਪ੍ਰੋਗਰੈਸਿਵ ਸੋਸਾਇਟੀ, 51-ਏ, 52, ਬਲਾਕ ਨੰ.22 ਸੈਕਟਰ 63, ਪਿੰਡ ਹੱਲੋਮਾਜਰਾ ਦੇ ਦੀਪ ਕੰਪਲੈਕਸ, ਪਿੰਡ ਦੜੂਆ, ਰਾਮਦਰਬਾਰ ਦੇ ਫੇਜ਼ 1, ਮਨੀਮਾਰਾ ਦੇ ਦਰਸ਼ਨੀ ਬਾਗ, ਮਨੀਮਾਜਰਾ ਦੀ ਇੰਦਰਾ ਕਾਲੋਨੀ, ਮੌਰੀਗੇਟ, ਆਦਰਸ਼ ਨਗਰ ਪਿੱਪਲੀਵਾਲਾ ਟਾਊਨ, ਮਨੀਮਾਜਰਾ ਹਾਊਸਿੰਗ ਕੰਪਲੈਕਸ, ਪੁਰਾਣਾ ਕਿਸ਼ਨਗੜ੍ਹ ਦੇ ਕੁਝ-ਕੁਝ ਖੇਤਰਾਂ ਵਿੱਚ ਐਲਾਨੇ ਗਏ ਹਨ। ਨਗਰ ਨਿਗਮ ਦੀਆਂ ਟੀਮਾਂ ਇਨ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਸੈਨੀਟਾਈਜੇਸ਼ਨ ਦਾ ਕੰਮ ਕਰਨਗੀਆਂ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਜ਼ੋਨਾਂ ਵਿੱਚ ਲੋਕਾਂ ਦੇ ਬਾਹਰ ਆਉਣ ਉਤੇ ਪਾਬੰਦੀ ਲਗਾਈ ਗਈ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜਾ ਕੇ ਇਨ੍ਹਾਂ ਖੇਤਰਾਂ ਵਿੱਚ ਮਰੀਜ਼ਾਂ ਦੀ ਸਕਰੀਨਿੰਗ ਕਰਨਗੀਆਂ। ਜੇਕਰ ਕਿਸੇ ਵਿਅਕਤੀ ਵਿੱਚ ਕਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਤੁਰੰਤ ਆਰ.ਟੀ.-ਪੀ.ਸੀ.ਆਰ. ਟੈਸਟ ਲਈ ਭੇਜਿਆ ਜਾਵੇਗਾ। ਟੈਸਟ ਉਪਰੰਤ ਜੇਕਰ ਕਿਸੇ ਮਰੀਜ਼ ਵਿੱਚ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਫਿਰ ਉਸ ਦੇ ਸੰਪਰਕ ਵਿੱਚ ਆਏ 15 ਸੰਪਰਕਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਟੈਸਟ ਕਰਵਾਏ ਜਾਣਗੇ।
ਕਰੋਨਾ ਟੈਸਟਿੰਗ ਬੋਰਡ ਲੱਗੀਆਂ ਦੁਕਾਨਾਂ ਤੋਂ ਸਾਮਾਨ ਖ਼ਰੀਦਣ ਲੋਕ: ਪਰੀਦਾ
ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਸੋਸ਼ਲ ਮੀਡੀਆ ’ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਉਨ੍ਹਾਂ ਦੁਕਾਨਾਂ ਤੋਂ ਹੀ ਸਾਮਾਨ ਖਰੀਦਣ ਜਿਨ੍ਹਾਂ ਦੁਕਾਨਾਂ ਦੇ ਬਾਹਰ ਕਰੋਨਾ ਟੈਸਟਿੰਗ ਸਬੰਧੀ ਸਾਈਨ ਬੋਰਡ ਲਗਾਇਆ ਹੋਵੇ। ਜਿਸ ’ਤੇ ਦੁਕਾਨ ਦੇ ਸਟਾਫ਼ ਵੱਲੋਂ ਟੈਸਟ ਕਰਵਾਏ ਜਾਣ ਬਾਰੇ ਲਿਖਿਆ ਹੋਵੇ ਅਤੇ ਇਨਫੈਕਸ਼ਨ ਮੁਕਤ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੋਵੇ। ਜੇਕਰ ਦੁਕਾਨਦਾਰ ਨੇ ਖ਼ੁਦ ਆਪਣਾ ਤੇ ਆਪਣੇ ਸਟਾਫ਼ ਦੀ ਟੈਸਟਿੰਗ ਕਰਵਾਉਣ ਸਬੰਧੀ ਬੋਰਡ ਨਹੀਂ ਲਗਾਇਆ ਤਾਂ ਉਸ ਦੁਕਾਨ ਤੋਂ ਖਰੀਦਦਾਰੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਦੁਕਾਨਦਾਰਾਂ ਅਤੇ ਸਟਾਫ਼ ਨੂੰ ਹਰ ਸਮੇਂ ਸਹੀ ਢੰਗ ਨਾਲ ਮਾਸਕ ਪਹਿਨ ਕੇ ਰੱਖਣ ਲਈ ਵੀ ਕਿਹਾ ਗਿਆ ਹੈ।