ਮੁਕੇਸ਼ ਕੁਮਾਰ
ਚੰਡੀਗੜ੍ਹ, 22 ਜੂਨ
ਸ਼ਹਿਰ ’ਚ ਵਧ ਰਹੇ ਮਹਾਮਾਰੀ ਦੇ ਕੇਸਾਂ ਨੂੰ ਦੇਖਦਿਆਂ ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਕੀਤਾ ਹੈ ਕਿ ਹੁਣ ਜੇ ਕੋਈ ਵਰਤੇ ਹੋਏ ਮਾਸਕ ਜਾਂ ਦਸਤਾਨੇ ਜਨਤਕ ਥਾਵਾਂ ’ਤੇ ਸੁੱਟੇਗਾ ਤਾਂ ਊਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਗਰ ਨਿਗਮ ਨੇ ਸਾਵਧਾਨੀ ਵਰਤਦਿਆਂ ਵਰਤੇ ਹੋਏ ਮਾਸਕ, ਦਸਤਾਨੇ ਅਤੇ ਹੋਰ ਮੈਡੀਕਲ ਸਮੱਗਰੀ ਆਦਿ ਨੂੰ ਸੁੱਟਣ ਲਈ ਸ਼ਹਿਰ ਦੇ ਸਹਿਜ ਸਫਾਈ ਕੇਂਦਰਾਂ ਵਿੱਚ ਵੱਖਰੇ ਤੌਰ ’ਤੇ ਕੁੂੜੇਦਾਨ ਲਗਵਾ ਦਿੱਤੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਰਤੀ ਹੋਈ ਮੈਡੀਕਲ ਸਮੱਗਰੀ ਕਿਸੇ ਬੰਦ ਲਿਫਾਫੇ ਵਿੱਚ ਪਾਕੇ ਦੇਣ ਜਾਂ ਖੁਦ ਉਥੇ ਲੱਗੇ ਵੱਖਰੇ ਕੁੂੜੇਦਾਨ ਵਿੱਚ ਸੁੱਟਣ। ਇਸ ਦੇ ਨਾਲ ਹੀ ਨਿਗਮ ਨੇ ਫੈਸਲਾ ਲਿਆ ਹੈ ਕਿ ਕੋਈ ਵੀ ਵਿਅਕਤੀ ਇਸਤੇਮਾਲ ਕੀਤੇ ਹੋਏ ਮਾਸਕ, ਦਸਤਾਨੇ ਜਾਂ ਹੋਰ ਮੈਡੀਕਲ ਰਹਿੰਦ ਖੂਹੰਦ ਨੂੰ ਜਨਤਕ ਥਾਂ ’ਤੇ ਮਿਲਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿੱਚ ਇਹ ਆਮ ਦੇਖਿਆ ਜਾ ਸਕਦਾ ਹੈ ਕਿ ਲੋਕ ਇਸਤੇਮਾਲ ਕੀਤੇ ਹੋਏ ਮਾਸਕ, ਦਸਤਾਨੇ ਜਾਂ ਹੋਰ ਮੈਡੀਕਲ ਖੂਹੰਦ ਸੜਕਾਂ ਜਾ ਜਨਤਕ ਥਾਂਵਾਂ ’ਤੇ ਸੁੱਟ ਰਹੇ ਹਨ ਜਿਸ ਨਾਲ ਕਰੋਨਾ ਲਾਗ ਫੈਲਣ ਦਾ ਖਤਰਾ ਹੋਰ ਵੱਧ ਰਿਹਾ ਹੈ। ਲੋਕਾਂ ਦੀ ਵੀ ਸ਼ਿਕਾਇਤ ਸੀ ਕਿ ਅਜਿਹੀ ਮੈਡੀਕਲ ਰਹਿੰਦ ਖੂਹੰਦ ਸੁੱਟਣ ਲਈ ਕਿਤੇ ਵੀ ਕੋਈ ਵੱਖਰਾ ਕੂੜੇਦਾਨ ਨਹੀਂ ਲਗਾਇਆ ਗਿਆ। ਲੋਕਾਂ ਦੀ ਇਸ ਸ਼ਿਕਾਇਤ ਨੂੰ ਜਾਇਜ਼ ਮੰਨਦੇ ਹੋਏ ਪ੍ਰਸ਼ਾਸਨ ਨੇ ਸ਼ਹਿਰ ਦੇ ਤਮਾਮ ਸਹਿਜ ਸਫਾਈ ਕੇਂਦਰਾਂ ਵਿੱਚ ਪੀਲੇ ਰੰਗ ਦੇ ਵੱਖਰੇ ਕੁੂੜੇਦਾਨ ਲਗਵਾ ਦਿੱਤੇ ਹਨ ਤਾਂ ਜੋ ਲੋਕ ਇਥੇ ਆਪਣੀ ਮੈਡੀਕਲ ਰਹਿੰਦ-ਖੂਹੰਦ ਸੁੱਟ ਸਕਣ। ਨਗਰ ਨਿਗਮ ਦੇ ਮੈਡੀਕਲ ਸਿਹਤ ਅਧਿਕਾਰੀ ਡਾਕਟਰ ਏਪੀ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਕੂੜਾ ਚੁੱਕਣ ਆਉਣ ਵਾਲੇ ਸਫਾਈ ਕਰਮਚਾਰੀਆਂ ਨੂੰ ਮੈਡੀਕਲ ਰਹਿੰਦ ਖੂਹੰਦ ਇੱਕ ਵੱਖਰੇ ਲਿਫਾਫੇ ਵਿੱਚ ਪਾ ਕੇ ਦੇਣ ਜਾਂ ਆਪਣੇ ਨੇੜਲੇ ਸਹਿਜ ਸਫਾਈ ਕੇਂਦਰ ਵਿੱਚ ਲੱਗੇ ਪੀਲੇ ਰੰਗ ਦੇ ਕੂੜੇਦਾਨ ਵਿੱਚ ਸੁੱਟਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਵਾਲਿਆਂ ’ਤੇ ਹੁਣ ਜੁਰਮਾਨਾ ਲਗਾਇਆ ਜਾਵੇਗਾ। ਡਾਕਟਰ ਏਪੀ ਸਿੰਘ ਨੇ ਦੱਸਿਆ ਕਿ ਨਿਗਮ ਨੇ ਸ਼ਹਿਰ ਦੇ ਇਕਾਂਤਵਾਸ ਕੇਂਦਰਾਂ ਅਤੇ ਘਰਾਂ ਤੋਂ ਮੈਡੀਕਲ ਰਹਿੰਦ ਖੂਹੰਦ ਇਕੱਤਰ ਕਰਨ ਲਈ 20 ਗੱਡੀਆਂ ਲਗਾਈਆਂ ਹੋਇਆ ਹਨ।
ਕੀ ਕਹਿੰਦੇ ਨੇ ਕਮਿਸ਼ਨਰ
ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਦੀ ਰੋਕਥਾਮ ਨੂੰ ਲੈ ਕੇ ਲੋਕਾਂ ਵਲੋਂ ਇਸਤੇਮਾਲ ਕੀਤੇ ਹੋਏ ਮਾਸਕ, ਦਸਤਾਨੇ ਤੇ ਹੋਰ ਮੈਡੀਕਲ ਸਮੱਗਰੀ ਜਨਤਕ ਥਾਵਾਂ ਦੇ ਸੁੱਟੇ ਜਾਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਲੋਕਾਂ ਦੀ ਸੁਵਿਧਾ ਲਈ ਨਗਰ ਨਿਗਮ ਨੇ ਹੁਣ ਪੀਲੇ ਰੰਗ ਦੇ ਇੱਕ ਵੱਖਰੇ ਕੁੂੜੇਦਾਨ ਲਗਵਾ ਦਿੱਤੇ ਹਨ ਜਿਥੇ ਲੋਕ ਆਪਣੀ ਮੈਡੀਕਲ ਰਹਿੰਦ ਖੂਹੰਦ ਸੁੱਟ ਸਕਣਗੇ।