ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਜੁਲਾਈ
ਮੌਨਸੂਨ ਦੇ ਆਉਣ ਨਾਲ ਜਿੱਥੇ ਮੌਸਮ ਸੁਹਾਵਣਾ ਹੋ ਗਿਆ ਹੈ, ਉੱਥੇ ਮੁਹਾਲੀ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਸੜਕਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਦੇ ਸੈਕਟਰ-85 ਸਥਿਤ ਵੇਵ ਅਸਟੇਟ ਅਤੇ ਪਿੰਡ ਲਾਂਡਰਾਂ ਸਮੇਤ ਮੁੱਖ ਸੜਕਾਂ ਨੇ ਤਲਾਬ ਦਾ ਰੂਪ ਧਾਰ ਲਿਆ। ਸਰਕਾਰੀ ਸਕੂਲ ਲਾਂਡਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤਾਂ ਪੇਸ਼ ਆਈਆਂ। ਸਕੂਲ ਦਾ ਸਾਰਾ ਫਰਨੀਚਰ ਅਤੇ ਹੋਰ ਕਾਫ਼ੀ ਸਾਮਾਨ ਖ਼ਰਾਬ ਹੋ ਗਿਆ।
ਮੁਹਾਲੀ ਏਅਰਪੋਰਟ ਸੜਕ ’ਤੇ ਰੇਲਵੇ ਬ੍ਰਿਜ ਨੇੜੇ ਅਤੇ ਏਅਰਪੋਰਟ ਚੌਕ ਵਿੱਚ ਕਾਫ਼ੀ ਪਾਣੀ ਭਰ ਜਾਣ ਕਾਰਨ ਕਾਫ਼ੀ ਸਮੇਂ ਤੱਕ ਆਵਾਜਾਈ ਠੱਪ ਰਹੀ। ਇੰਜ ਹੀ ਖਰੜ ਲਾਂਡਰਾਂ ਅਤੇ ਫਲਾਈਓਵਰ ਦੇ ਹੇਠਾਂ ਲਾਂਘਿਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਵਾਹਨ ਚਾਲਕ ਜਾਮ ਵਿੱਚ ਫਸੇ ਦੇਖੇ ਗਏ। ਭਾਵੇਂ ਕਿ ਏਅਰਪੋਰਟ ’ਤੇ ਮੌਜੂਦ ਪੁਲੀਸ ਨੇ ਵਾਹਨਾਂ ਨੂੰ ਬਦਲਵੇਂ ਰਸਤੇ ਭੇਜਿਆ ਜਾ ਰਿਹਾ ਸੀ ਪਰ ਵਾਹਨ ਚਾਲਕਾਂ ਨੂੰ ਹੋਰਨਾਂ ਰਸਤਿਆਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਪੀਆਰਟੀਸੀ, ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਸਮੇਤ ਹੋਰ ਵਾਹਨ ਇੱਧਰ ਉਧਰ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਖੱਜਲ-ਖੁਆਰ ਹੁੰਦੇ ਰਹੇ। ਪਟਿਆਲਾ ਤੋਂ ਵਾਇਆ ਬਨੂੜ ਰਾਹੀਂ ਮੁਹਾਲੀ ਆਉਣ ਵਾਲੇ ਵਾਹਨਾਂ ਨੂੰ ਏਅਰਪੋਰਟ ਚੌਕ ਤੋਂ ਲਾਂਡਰਾਂ ਰੋਡ ਵੱਲ ਭੇਜਿਆ ਗਿਆ ਜਦੋਂਕਿ ਚੰਡੀਗੜ੍ਹ ਜਾਣ ਵਾਲੇ ਵਾਹਨ ਧਰਮਗੜ੍ਹ ਅਤੇ ਜਗਤਪੁਰਾ ਦੇ ਰਸਤੇ ਭੇਜੇ ਗਏ। ਬਰਸਾਤ ਦੇ ਪਾਣੀ ਨੇ ਸਵੇਰ ਤੋਂ ਹੀ ਲੰਮੇ ਜਾਮ ਅਤੇ ਦੇਰ ਹੋਣ ਕਾਰਨ ਰਾਹਗੀਰਾਂ ਦਾ ਜਨਜੀਵਨ ਮੁਹਾਲ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਕਈ ਸਕੂਲੀ ਬੱਸਾਂ ਵੀ ਟ੍ਰੈਫ਼ਿਕ ਜਾਮ ਵਿੱਚ ਫਸ ਗਈਆਂ। ਸਕੂਲ ਅਤੇ ਸਰਕਾਰੀ ਦਫ਼ਤਰਾਂ ਦਾ ਸਟਾਫ਼ ਵੀ ਦੇਰੀ ਨਾਲ ਪੁੱਜਿਆ। ਮੌਸਮ ਵਿਭਾਗ ਵੱਲੋਂ ਦੋ ਦਿਨ ਪਹਿਲਾਂ ਹੀ ਮੁਹਾਲੀ ਸਮੇਤ ਸਮੁੱਚੇ ਟਰਾਈਸਿਟੀ ਵਿੱਚ ਭਾਰੀ ਮੀਂਹ ਆਉਣ ਬਾਰੇ ਅਲਰਟ ਜਾਰੀ ਕੀਤਾ ਗਿਆ ਸੀ।
ਭਾਰੀ ਮੀਂਹ ਕਾਰਨ ਵਿਦਿਆਰਥੀ ਹੋਏ ਸਭ ਤੋਂ ਵਧ ਪ੍ਰੇਸ਼ਾਨ
ਪੰਚਕੂਲਾ (ਪੀਪੀ ਵਰਮਾ): ਅੱਜ ਸਵੇਰੇ ਪਈ ਭਾਰੀ ਬਰਸਾਤ ਨੇ ਪੰਚਕੂਲਾ ’ਚ ਜਲਥਲ ਕਰ ਦਿੱਤਾ। ਇਸ ਵੇਲੇ ਸਭ ਤੋਂ ਵਧ ਪ੍ਰੇਸ਼ਾਨੀ ਸਕੂਲੀ ਬੱਚਿਆਂ ਨੂੰ ਆਈ। ਭਾਰੀ ਮੀਂਹ ਕਾਰਨ ਅੱਧੇ ਸਕੂਲਾਂ ਦੀਆਂ ਬੱਸਾਂ ਬੱਚਿਆਂ ਨੂੰ ਲੈਣ ਨਹੀਂ ਪਹੁੰਚੀਆਂ। ਕਈ ਸਕੂਲਾਂ ਨੇ ਮਾਪਿਆਂ ਨੂੰ ਸੂਚਿਤ ਵੀ ਨਹੀਂ ਕੀਤਾ ਕਿ ਉਨ੍ਹਾਂ ਦੀਆਂ ਬੱਸਾਂ ਬਰਸਾਤ ਕਾਰਨ ਨਹੀਂ ਆਉਣਗੀਆਂ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਮੁੱਖ ਗੇਟਾਂ ਅੱਗੇ ਪਾਣੀ ਨਦੀਆਂ ਵਾਂਗ ਚੱਲਿਆ।