ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਅਕਤੂਬਰ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਵੱਲੋਂ ਅੱਜ ਸਿਵਲ ਸਰਵਿਸਿਜ਼ ਪ੍ਰੀਲਿਮਨਰੀ ਪ੍ਰੀਖਿਆ ਚੰਡੀਗੜ੍ਹ ਦੇ 60 ਕੇਂਦਰਾਂ ਵਿਚ ਕਰਵਾਈ ਗਈ, ਜਿਸ ਵਿਚ ਰਜਿਸਟਰਡ ਹੋਏ ਪ੍ਰੀਖਿਆਰਥੀਆਂ ਵਿਚੋਂ ਪੂਰੇ ਪ੍ਰੀਖਿਆਰਥੀ ਨਹੀਂ ਪੁੱਜੇ। ਇਸ ਵਾਰ ਪ੍ਰੀਖਿਆ ਦੇ ਸਵਾਲਾਂ ਵਿਚ ਬਦਲਾਅ ਕੀਤਾ ਗਿਆ ਜਿਸ ਕਾਰਨ ਕਈ ਵਿਦਿਆਰਥੀ ਪ੍ਰੇਸ਼ਾਨ ਹੋਏ।
ਇਹ ਪ੍ਰੀਖਿਆ ਸ਼ਹਿਰ ਦੇ ਸਕੂਲਾਂ ਤੇ ਕਾਲਜਾਂ ਵਿਚ ਹੋਈ। ਪਹਿਲੀ ਪ੍ਰੀਖਿਆ ਸਵੇਰੇ ਸਾਢੇ ਨੌਂ ਵਜੇ ਸ਼ੁਰੂ ਹੋਈ ਜਦਕਿ ਦੂਜੀ ਪ੍ਰੀਖਿਆ ਢਾਈ ਵਜੇ ਸ਼ੁਰੂ ਹੋਈ। ਚੰਡੀਗੜ੍ਹ ਦੇ ਸੈਕਟਰ-47 ਦੇ ਕੇਂਦਰੀ ਵਿਦਿਆਲਿਆ ਵਿਚ ਸੋਨੀਪਤ ਤੋਂ ਪ੍ਰੀਖਿਆ ਦੇਣ ਆਏ ਜਸਵੰਤ ਨੇ ਦੱਸਿਆ ਕਿ ਇਸ ਵਾਰ ਖੇਡਾਂ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਗਏ। ਉਸ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਹਰੇਕ ਵਾਰ ਮੈਪ ਨਾਲ ਸਬੰਧਤ ਤਿੰਨ ਜਾਂ ਚਾਰ ਸਵਾਲ ਆਉਂਦੇ ਸੀ, ਪਰ ਇਸ ਵਾਰ ਮੈਪ ਨਾਲ ਸਬੰਧਤ ਕੋਈ ਵੀ ਸਵਾਲ ਪੁੱਛਿਆ ਨਹੀਂ ਗਿਆ।
ਨਾਭੇ ਤੋਂ ਗੁਰਲਵਲੀਨ ਸਿੰਘ ਨੇ ਦੱਸਿਆ ਕਿ ਪਹਿਲੀ ਪ੍ਰੀਖਿਆ ਅਸਾਨ ਸੀ ਜਦਕਿ ਦੂਜੀ ਪ੍ਰੀਖਿਆ ਔਖੀ ਸੀ ਤੇ ਇਸ ਦੇ ਸਵਾਲ ਪਹਿਲਾਂ ਸਮੇਂ ਨਾਲੋਂ ਬਦਲ ਕੇ ਪਾਏ ਗਏ। ਨਾਭਾ ਤੋਂ ਆਏ ਇੱਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਪਹਿਲੀ ਪ੍ਰੀਖਿਆ ਜਨਰਲ ਨਾਲੇਜ ਦੀ ਹੋਈ ਜਿਸ ਵਿਚੋਂ ਪਹਿਲਾਂ ਨਾਲੋਂ ਹਟ ਕੇ ਸਵਾਲ ਪੁੱਛੇ ਗਏ। ਇਸ ਵਾਰ ਮੱਧ ਕਾਲ ਤੇ ਪ੍ਰਾਚੀਨ ਇਤਿਹਾਸ ਨਾਲ ਸਬੰਧਿਤ ਸਵਾਲ ਆਏ। ਅੱਜ ਦੀ ਪ੍ਰੀਖਿਆ ਵਿਚ ਵਾਤਾਵਰਨ ਨੂੰ ਖਾਸੀ ਅਹਿਮੀਅਤ ਦਿੱਤੀ ਗਈ ਤੇ ਇਸ ਨਾਲ ਸਬੰਧਤ 15 ਦੇ ਕਰੀਬ ਸਵਾਲ ਆਏ। ਉਸ ਨੇ ਦੱਸਿਆ ਕਿ ਦੂਜੀ ਪ੍ਰੀਖਿਆ ਵਿਚ ਗਣਿਤ ਦੇ ਸਵਾਲ ਕਾਫੀ ਔਖੇ ਸਨ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਹ ਗਣਿਤ ਦੇ ਸਵਾਲ ਹੱਲ ਨਹੀਂ ਕਰ ਸਕਿਆ।