ਹਰਜੀਤ ਸਿੰਘ
ਜ਼ੀਰਕਪੁਰ, 19 ਮਾਰਚ
ਇੱਥੇ ਅੱਜ ਨਗਰ ਕੌਂਸਲ ਦੇ ਅਮਲੇ ਵੱਲੋਂ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਦੇ ਸ਼ਾਪਿੰਗ ਮਾਲ ਦੇ ਬਾਹਰ ਲੱਗਾ ਇਸ਼ਤਿਹਾਰੀ ਬੋਰਡ ਉਤਾਰੇ ਜਾਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਨਗਰ ਕੌਂਸਲ ਦੀ ਇਸ ਕਾਰਵਾਈ ਦਾ ਸ੍ਰੀ ਸ਼ਰਮਾ ਅਤੇ ਉਨ੍ਹਾਂ ਦੇ ਦਫਤਰ ਦੇ ਮੁਲਾਜ਼ਮਾਂ ਵੱਲੋਂ ਸਖ਼ਤ ਵਿਰੋਧ ਕਰਦਿਆਂ ਕੌਂਸਲ ਦੀ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ। ਤਿੱਖੇ ਵਿਰੋਧ ਕਾਰਨ ਕੌਂਸਲ ਦੇ ਅਮਲੇ ਨੂੰ ਬੋਰਡ ਉਤਾਰੇ ਬਿਨਾ ਹੀ ਬੇਰੰਗ ਪਰਤਣਾ ਪਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦਾ ਅਮਲਾ ਅੱਜ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਦੇ ਹਾਈਵੇਅ ’ਤੇ ਸਥਿਤ ਆਰਬੀਸੀ ਸ਼ਾਪਿੰਗ ਮਾਲ ਦੇ ਬਾਹਰ ਲੱਗਾ ਉਨ੍ਹਾਂ ਦਾ ਬੋਰਡ ਉਤਾਰਨ ਲਈ ਪਹੁੰਚ ਗਈ। ਸ੍ਰੀ ਸ਼ਰਮਾ ਵੱਲੋਂ ਇਸ ਨਗਰ ਕੌਂਸਲ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਮਗਰੋਂ ਕੌਂਸਲ ਦਾ ਅਮਲਾ ਪੁਲੀਸ ਸੁਰੱਖਿਆ ਲੈ ਕੇ ਮੌਕੇ ’ਤੇ ਪਹੁੰਚਿਆ। ਇਸ ਦੌਰਾਨ ਮੁੜ ਤੋਂ ਸ੍ਰੀ ਸ਼ਰਮਾ ਅਤੇ ਉਨ੍ਹਾਂ ਦੇ ਦਫਤਰ ਦੇ ਸਟਾਫ ਵੱਲੋਂ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਗਿਆ।
ਸ੍ਰੀ ਸ਼ਰਮਾ ਨੇ ਵਿਰੋਧ ਕਰਦਿਆਂ ਕਿਹਾ ਕਿ ਸਿਆਸੀ ਦਬਾਅ ਹੇਠ ਜਾਣਬੁੱਝ ਕੇ ਉਨ੍ਹਾਂ ਦਾ ਬੋਰਡ ਉਤਾਰਿਆ ਜਾ ਰਿਹਾ ਹੈ ਜਦਕਿ ਇਹ ਬੋਰਡ ਉਨ੍ਹਾਂ ਦੀ ਨਿੱਜੀ ਪ੍ਰਾਪਰਟੀ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਯਮ ਮੁਤਾਬਕ ਕਿਸੇ ਦੀ ਪ੍ਰਾਪਰਟੀ ਵਿੱਚ ਦਾਖ਼ਲ ਹੋਣ ਜਾਂ ਬੋਰਡ ਉਤਾਰਨ ਤੋਂ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ ਪਰ ਕੌਂਸਲ ਵੱਲੋਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹ ਬੋਰਡ ਉਤਾਰਿਆ ਜਾ ਰਿਹਾ ਹੈ। ਸ੍ਰੀ ਸ਼ਰਮਾ ਦੇ ਵਿਰੋਧ ਨੂੰ ਦੇਖਦਿਆਂ ਕੌਂਸਲ ਦਾ ਅਮਲਾ ਬੇਰੰਗ ਪਰਤ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਇਸ਼ਤਿਹਾਰ ਪਾਲਿਸੀ ਤਹਿਤ ਕੋਈ ਵੀ ਵਿਅਕਤੀ ਬਿਨਾਂ ਮਨਜ਼ੁੂਰੀ ਤੋਂ ਇਸ਼ਤਿਹਾਰਬਾਜ਼ੀ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਪ੍ਰਾਪਰਟੀ ਵਿੱਚ ਇਸ਼ਤਿਹਾਰਬਾਜ਼ੀ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।