ਹਰਜੀਤ ਸਿੰਘ
ਜ਼ੀਰਕਪੁਰ, 4 ਫਰਵਰੀ
ਹਲਕਾ ਡੇਰਾਬੱਸੀ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਹਲਕੇ ਦੇ ਮੁੱਖ ਸ਼ਹਿਰ ਜ਼ੀਰਕਪੁਰ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ। ਇਸ ਸ਼ਹਿਰ ਵਿੱਚ ਸਭ ਤੋਂ ਵੱਡੀ ਸਮੱਸਿਆ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਬਣੀ ਹੋਈ ਹੈ। ਕਰੋੜਾਂ ਰੁਪਏ ਸਾਲਾਨਾ ਆਮਦਨ ਵਾਲੇ ਇਸ ਸ਼ਹਿਰ ’ਤੇ ਰਾਜ ਕਰਨ ਵਾਲੇ ਵੱਖ ਵੱਖ ਪਾਰਟੀਆਂ ਦੇ ਆਗੂ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ। ਪਰ ਇਨ੍ਹਾਂ ਆਗੂਆਂ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਲੰਘੇ ਦਿਨਾਂ ਤੋਂ ਪੈ ਰਹੇ ਬੇਮੌਸਮੀ ਮੀਂਹ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਹਲਕਾ ਡੇਰਾਬੱਸੀ ਵਿੱਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਬੇਮੌਸਮੀ ਮੀਂਹ ਕਾਰਨ ਹਲਕੇ ਦੇ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਕਸਬੇ ਤੋਂ ਇਲਾਵਾ ਪਿੰਡਾਂ ਵਿੱਚ ਥਾਂ-ਥਾਂ ਪਾਣੀ ਭਰ ਗਿਆ ਹੈ। ਸੜਕਾਂ ਦੀ ਅਤੇ ਗਲੀਆਂ ਦੀ ਹਾਲਤ ਮਾੜੀ ਹੋਣ ਕਾਰਨ ਇਥੇ ਚਿੱਕੜ ਹੋ ਗਿਆ ਹੈ ਜਿਸ ਕਾਰਨ ਰਾਹਗੀਰਾਂ ਦਾ ਸੜਕਾਂ ’ਤੇ ਚਲਣਾ ਬਹੁਤ ਔਖਾ ਹੈ। ਇਥੋਂ ਦੇ ਬਲਟਾਣਾ ਅਤੇ ਲੋਹਗੜ੍ਹ ਖੇਤਰ ਵਿੱਚ ਸੜਕਾਂ ’ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਥੇ ਗਲੀਆਂ ਵਿੱਚ ਚਿੱਕੜ ਹੋਣ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਜ਼ੀਰਕਪੁਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਚਿਰੋਕਣੀ ਸਮੱਸਿਆ ਦਾ ਹੱਲ ਕਰਨ ਵਿੱਚ ਸਿਆਸੀ ਆਗੂ ਨਾਕਾਮ ਸਾਬਤ ਹੋਏ ਹਨ। ਸਿੱਟੇ ਵਜੋਂ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਇਥੇ ਪਾਣੀ ਭਰ ਜਾਂਦਾ ਹੈ। ਸੜਕਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਹਨ। ਇਸ ਵੇਲੇ ਇਥੋਂ ਦੇ ਢਕੋਲੀ ਅਤੇ ਪੀਰਮੁਛੱਲਾ ਖੇਤਰ ਵਿੱਚ ਹਾਲਤ ਤਰਸਯੋਗ ਬਣੇ ਹੋਏ ਹਨ। ਸੜਕਾਂ ਅਤੇ ਗਲੀਆਂ ਵਿੱਚ ਚਿੱਕੜ ਪੈਦਾ ਹੋ ਗਿਆ ਹੈ ਜਿਸ ਕਾਰਨ ਇਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਢਕੋਲੀ ਖੇਤਰ ਵਿੱਚ ਕਈ ਸੜਕਾਂ ’ਤੇ ਫੈਲੇ ਚਿੱਕੜ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ।
ਜ਼ੀਰਕਪੁਰ ਤੋਂ ਇਲਾਵਾ ਡੇਰਾਬੱਸੀ ਖੇਤਰ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾਕਾਫੀ ਹਨ। ਪਿੰਡਾਂ ਵਿੱਚ ਜਾਣ ਵਾਲੀਆਂ ਲਿੰਗ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ।
ਇਸ ਸਮੱਸਿਆ ਸਬੰਧੀ ਗੱਲ ਕਰਨ ’ਤੇ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਸਮੱਸਿਆ ਨੂੰ ਖ਼ਤਮ ਕਰ ਦਿੱਤਾ ਜਾਏਗਾ।