ਮੰਡੀ ਵਿੱਚ ਪਈਆਂ ਝੋਨੇ ਦੀਆਂ ਢੇਰੀਆਂ ਵੀ ਭਿੱਜੀਆਂ
ਪੱਤਰ ਪ੍ਰੇਰਕ
ਬਨੂੜ, 24 ਅਕਤੂਬਰ
ਬੇਮੌਸਮੀ ਬਰਸਾਤ ਨੇ ਝੋਨੇ ਦੀ ਕਟਾਈ ਅਤੇ ਖਰੀਦ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਬਨੂੜ, ਮਾਣਕਪੁਰ, ਖੇੜਾ ਗੱਜੂ ਦੀਆਂ ਮੰਡੀਆਂ ਅਤੇ ਖੇੜੀ ਗੁਰਨਾ, ਜਲਾਲਪੁਰ ਆਦਿ ਦੇ ਖਰੀਦ ਕੇਂਦਰਾਂ ਵਿੱਚ ਅੱਜ ਝੋਨੇ ਦਾ ਇੱਕ ਦਾਣੇ ਦੀ ਵੀ ਖਰੀਦ ਨਹੀਂ ਹੋਈ। ਸਾਰੀਆਂ ਥਾਵਾਂ ਉੱਤੇ ਪੰਜ ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਵਿਕਰੀ ਦੀ ਉਡੀਕ ਵਿੱਚ ਪਿਆ ਹੈ।
ਮੀਂਹ ਤੇ ਤੇਜ਼ ਹਵਾਵਾਂ ਨੇ ਅੱਜ ਕਿਸਾਨਾਂ ਦਾ ਕੱਟਣ ਨੂੰ ਰਹਿੰਦਾ ਬਾਸਮਤੀ ਅਤੇ ਦੂਜੀਆਂ ਕਿਸਮਾਂ ਦਾ ਝੋਨਾ ਧਰਤੀ ’ਤੇ ਵਿਛਾ ਦਿੱਤਾ। ਮੀਂਹ ਨਾਲ ਆਲੂਆਂ ਦੀ ਚੱਲ ਰਹੀ ਲਵਾਈ ਵੀ ਬੰਦ ਹੋ ਗਈ ਹੈ। ਬਨੂੜ ਮੰਡੀ ਵਿੱਚ ਝੋਨੇ ਦੀ ਖਰੀਦ ਲਈ ਪਏ ਝੋਨੇ ਦੀਆਂ ਢੇਰੀਆਂ ਦੇ ਹੇਠੋਂ ਵੀ ਮੀਂਹ ਦਾ ਪਾਣੀ ਵੜ ਗਿਆ। ਕਈਂ ਖਰੀਦੀਆਂ ਪਈਆਂ ਝੋਨੇ ਦੀਆਂ ਬੋਰੀਆਂ ਦੇ ਚੱਕੇ ਵੀ ਤਿਰਪਾਲਾਂ ਪਈਆਂ ਨਾ ਹੋਣ ਕਾਰਨ ਮੀਂਹ ਵਿੱਚ ਭਿੱਜਦੇ ਰਹੇ। ਕਿਸਾਨ ਅਤੇ ਆੜ੍ਹਤੀ ਝੋਨੇ ਦੀਆਂ ਢੇਰੀਆਂ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਤਰੱਦਦ ਕਰਦੇ ਰਹੇ।
ਇਸੇ ਦੌਰਾਨ ਕਿਸਾਨ ਆਗੂਆਂ ਕਿਰਪਾਲ ਸਿੰਘ ਸਿਆਊ, ਜਗਜੀਤ ਸਿਘ ਕਰਾਲਾ, ਲਖਵਿੰਦਰ ਸਿੰਘ ਲੱਖੀ ਆਦਿ ਨੇ ਬਨੂੜ ਮੰਡੀ ਦਾ ਦੌਰਾ ਕਰਕੇ ਝੋਨੇ ਦੀਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਢੁਕਵੇਂ ਪਬੰਧ ਨਾ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਤਰਪਾਲਾਂ ਦੀ ਘਾਟ ਕਾਰਨ ਕਿਸਾਨਾਂ ਦਾ ਝੋਨਾ ਮੀਂਹ ਵਿੱਚ ਭਿੱਜਿਆ।
ਕੈਪਸ਼ਨ; ਬਨੂੜ ਦੀ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਹੇਠੋਂ ਪਾਣੀ ਕੱਢਦਾ ਹੋਇਆ ਨੌਜਵਾਨ। ਫੋਟੋ; ਚਿੱਲਾ
ਕੈਪਸ਼ਨ; ਪਿੰਡ ਰਾਏਪੁਰ ਖੁਰਦ ਦੇ ਇੱਕ ਖੇਤ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨਾਲ ਧਰਤੀ ਤੇ ਵਿਛੇ ਹੋਏ ਝੋਨੇ ਦਾ ਦ੍ਰਿਸ਼। ਫੋਟੋ; ਚਿੱਲਾ
ਕੈਪਸ਼ਨ; ਬਨੂੜ ਮੰਡੀ ਵਿੱਚ ਮੀਂਹ ਵਿੱਚ ਭਿੱਜ ਰਹੇ ਖਰੀਦੇ ਹੋਏ ਝੋਨੇ ਦੀਆਂ ਬੋਰੀਆਂ। ਫੋਟੋ; ਚਿੱਲਾ